Sunday, March 27, 2011

News From S7news.com March 27, 2011

'ਸੋਹਨਜੀਤ ਸਿੰਘ ਨੂੰ ਮੇਰੇ ਸਾਹਮਣੇ ਮਾਰਿਆ ਗਿਆ'

ਅੰਮ੍ਰਿਤਸਰ/ਬਿਊਰੋ

ਅੰਮ੍ਰਿਤਸਰ ਕਾਰ ਬੰਬ ਕੇਸ ਵਿਚ ਗ੍ਰਿਫਤਾਰ ਗੁਰਵਿੰਦਰ ਸਿੰਘ ਹੀਰਾ ਨੇ ਅਦਾਲਤ ਵਿਚ ਜੱਜ ਨੂੰ ਦਸਿਆ ਹੈ ਕਿ ਪੁਲਿਸ ਨੇ ਸੋਹਨਜੀਤ ਸਿੰਘ ਉਰਫ਼ ਸੋਹਣ ਨੂੰ ਉਸਦੇ ਸਾਹਮਣੇ ਮਾਰ ਦਿੱਤਾ ਹੈ ਅਤੇ ਇਹ ਹੁਣ ਉਸ ਨੂੰ ਵੀ ਮਾਰ ਦੇਣਗੇ। ਇਹ ਖੁਲਾਸਾ ਖਾਲੜਾ ਮਿਸ਼ਨ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਝਬਾਲ ਨੇ ਇਕ ਬਿਆਨ ਰਾਹੀਂ ਕੀਤਾ ਹੈ। ਬਲਵਿੰਦਰ ਸਿੰਘ ਝਬਾਲ ਨੇ ਦੱਸਿਆ ਕਿ ਪੁਲਿਸ ਨੇ ਇਸ ਬੰਬ ਕੇਸ ਵਿਚ ਗੁਰਵਿੰਦਰ ਸਿੰਘ ਹੀਰਾ ਨਾਮ ਦੇ ਇਕ ਵਿਅਕਤੀ ਨੂੰ 8-9 ਮਹੀਨੇ ਤੋਂ ਅਦਾਲਤੀ ਹਿਰਾਸਤ ਵਿਚ ਰਖਿਆ ਹੋਇਆ ਸੀ। ਉਨ੍ਹਾਂ ਦਸਿਆ ਕਿ 14 ਮਾਰਚ ਨੂੰ ਵਿਸ਼ੇਸ਼ ਸੈੱਲ ਦੇ ਅਧਿਕਾਰੀਆਂ ਨੇ ਸ. ਹੀਰਾ ਦਾ ਹੋਰ ਰਿਮਾਂਡ ਲੈਣ ਲਈ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਵਿਚ ਗੁਰਵਿੰਦਰ ਸਿੰਘ ਹੀਰਾ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਪੁਲਿਸ ਨੇ ਸੋਹਨਜੀਤ ਸਿੰਘ ਉਰਫ਼ ਸੋਹਣ ਨੂੰ ਉਸਦੇ ਸਾਹਮਣੇ ਮਾਰ ਦਿੱਤਾ ਹੈ ਅਤੇ ਇਹ ਹੁਣ ਉਸ ਨੂੰ ਵੀ ਮਾਰ ਦੇਣਗੇ। ਸ. ਹੀਰਾ ਦੇ ਮੂੰਹੋਂ ਸੱਚ ਸੁਣ ਕੇ ਜੱਜ ਵੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਰਿਮਾਂਡ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ। ਬਲਵਿੰਦਰ ਸਿੰਘ ਝਬਾਲ ਨੇ ਦਸਿਆ ਕਿ ਹੀਰਾ ਦੇ ਭਰਾ ਮਨਵਿੰਦਰ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਤਾਰਾਂ ਦੇ ਕੇ ਅਪਣੇ ਭਰਾ ਦੀ ਜਾਨ ਨੂੰ ਖ਼ਤਰਾ ਹੋਣ ਦੀ ਜਾਣਕਾਰੀ ਦਿਤੀ ਹੈ। ਵਿਸ਼ੇਸ਼ ਅਪਰੇਸ਼ਨ ਸੈੱਲ ਦੀ ਹਿਰਾਸਤ ਵਿਚ ਮਰੇ ਸੋਹਨਜੀਤ ਸਿੰਘ ਉਰਫ ਸੋਹਣ ਸੁਰ ਸਿੰਘ ਵਾਲਾ ਦੀ ਮੌਤ ਦਾ ਮਾਮਲਾ ਖਾਲੜਾ ਮਿਸ਼ਨ ਅਤੇ ਹੋਰ ਪੰਥਕ ਜਥੇਬੰਦੀਆਂ ਵਲੋਂ ਉਚ ਪੱਧਰੀ ਤਰੀਕੇ ਨਾਲ ਉਠਾਏ ਜਾਣ ਕਾਰਨ ਇਹ ਹੁਣ ਅਕਾਲੀ-ਭਾਜਪਾ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਇਕ ਪੱਤਰ ਲਿਖ ਕੇ ਪੰਜਾਬ ਅੰਦਰ ਜੰਗਲ ਰਾਜ, ਪੁਲਿਸ ਨੂੰ ਮਿਲੇ ਅਸੀਮਿਤ ਅਧਿਕਾਰ ਤੇ ਪੁਲਿਸ ਹਿਰਾਸਤ ਵਿਚ ਹੋਈ ਸੋਹਨਜੀਤ ਸਿੰਘ ਦੀ ਮੌਤ ਦੇ ਮਾਮਲੇ ਵਿਚ ਦਖ਼ਲ ਅੰਦਾਜ਼ੀ ਦੀ ਮੰਗ ਕਰਦਿਆਂ ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਦੋਸ਼ੀਆਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਹਾਈ ਕੋਰਟ ਦੇ ਮੁੱਖ ਜੱਜ ਨੂੰ ਲਿਖੇ ਪੱਤਰ ਵਿਚ ਜਾਣਕਾਰੀ ਦਿੰਦਿਆਂ ਖਾਲੜਾ ਮਿਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ, ਬੀਬੀ ਪਰਮਜੀਤ ਕੌਰ ਖਾਲੜਾ ਅਤੇ ਵਿਰਸਾ ਸਿੰਘ ਬਹਿਲਾ ਨੇ ਦਸਿਆ ਕਿ ਪੁਲਿਸ ਇਸ ਮਾਮਲੇ ਬਾਰੇ ਬਿਲੁਕਲ ਝੂਠ ਬੋਲ ਰਹੀ ਹੈ। ਉਨ੍ਹਾਂ ਦਸਿਆ ਕਿ ਸੋਹਨਜੀਤ ਸਿੰਘ ਨੂੰ 3 ਮਾਰਚ ਨੂੰ ਦਿਨ ਦਿਹਾੜੇ ਵਿਸ਼ੇਸ਼ ਸੈੱਲ ਦੇ ਏਆਈਜੀ ਮਨਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਘਰੋਂ ਚੁਕਿਆ ਸੀ। ਪੱਤਰ ਵਿਚ ਲਿਖਿਆ ਹੈ ਕਿ ਪੁਲਿਸ ਜਿਸ ਦਿਨ ਦੀ ਕਾਰਵਾਈ ਨਾਲ ਸੋਹਨਜੀਤ ਸਿੰਘ ਨੂੰ ਜੋੜ ਰਹੀ ਹੈ, ਉਹ ਦਿਨ ਤਾਂ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਸੀ। ਪੁੱਤਰ ਵਿਚ ਆਗੂਆਂ ਨੇ ਸਵਾਲ ਕੀਤਾ ਕਿ ਪੁਲਿਸ ਹਿਰਾਸਤ ਵਿਚ ਸੋਹਣ ਚਲ ਫਿਰ ਵੀ ਨਹੀਂ ਸੀ ਸਕਦਾ, ਫਿਰ ਉਹ ਕਿਵੇਂ ਕੁਰਸੀ 'ਤੇ ਚੜ੍ਹਿਆ ਅਤੇ ਕਿਵੇਂ ਉਸ ਨੇ ਅਪਣੇ ਗਲ ਵਿਚ ਫਾਹਾ ਪਾਇਆ? ਉਨ੍ਹਾਂ ਮੁੱਖ ਜੱਜ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਪੁਲਿਸ ਹਿਰਾਸਤ ਵਿਚ ਸੋਹਨਜੀਤ ਸਿੰਘ ਉਪਰ ਅਣ-ਮਨੁੱਖੀ ਜ਼ੁਲਮ ਢਾਹਿਆ ਗਿਆ ਜਿਸ ਕਾਰਨ ਉਸ ਦੀ ਲੱਤ ਟੂੱਟ ਜਾਣ ਕਾਰਨ ਲੱਤ ਵਿਚ ਪਈ ਪਲੇਟ ਵੀ ਬਾਹਰ ਆ ਗਈ ਸੀ। 10 ਮਾਰਚ ਨੂੰ ਜਦ ਸੋਹਨਜੀਤ ਸਿੰਘ ਦੀ ਪਤਨੀ ਭੁਪਿੰਦਰ ਕੌਰ ਉਸ ਨਾਲ ਮੁਲਾਕਾਤ ਕਰਨ ਆਈ ਸੀ ਤਾਂ ਉਸ ਕੋਲੋਂ ਖਲੋਤਾ ਵੀ ਨਹੀਂ ਸੀ ਜਾ ਰਿਹਾ। ਦੋ ਪੁਲਿਸ ਵਾਲਿਆਂ ਨੇ ਉਸ ਨੂੰ ਸਹਾਰਾ ਦੇ ਕੇ ਖੜਾ ਕੀਤਾ ਸੀ। ਪੱਤਰ ਵਿਚ ਲਿਖਿਆ ਕਿ ਸੋਹਨਜੀਤ ਸਿੰਘ ਨੇ ਅਪਣੀ ਪਤਨੀ ਨੂੰ ਉਦੋਂ ਹੀ ਦੱਸ ਦਿਤਾ ਸੀ ਕਿ ਪੁਲਿਸ ਨੇ ਉਸ ਨੂੰ ਮਾਰ ਦੇਣਾ ਹੈ। ਉਨ੍ਹਾਂ ਕਿਹਾ ਕਿ ਸੋਹਣ ਦੀ ਮੌਤ ਲਈ ਮੁੱਖ ਜ਼ਿੰਮੇਵਾਰੀ ਏਆਈਜੀ ਮਨਮਿੰਦਰ ਸਿੰਘ ਹੈ। ਖਾੜਕੂ ਸੋਹਨਜੀਤ ਸਿੰਘ ਦੀ ਹਿਰਾਸਤ ਵਿਚ ਹੋਈ ਭੇਦਭਰੀ ਮੌਤ ਬਾਰੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸਿੱਖ ਜਥੇਬੰਦੀਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਨਿਆਂਇਕ ਜਾਂਚ ਦੇ ਮੁਕੰਮਲ ਹੋਣ ਤਕ ਸਬੰਧਤ ਅਧਿਕਾਰੀਆਂ ਨੂੰ ਮੁਅੱਤਲ ਕਰਨ ਤਾਂ ਕਿ ਉਹ ਅਪਣੇ ਅਹੁਦੇ ਦਾ ਪ੍ਰਭਾਵ ਪਾ ਕੇ ਜਾਂਚ ਨੂੰ ਪ੍ਰਭਾਵਤ ਨਾ ਕਰ ਸਕਣ। ਖ਼ਾਲਸਾ ਐਕਸ਼ਨ ਕਮੇਟੀ ਦੇ ਆਗੂ ਭਾਈ ਮੋਹਕਮ ਸਿੰਘ, ਦਲ ਖ਼ਾਲਸਾ ਦੇ ਭਾਈ ਕੰਵਰਪਾਲ ਸਿੰਘ ਬਿੱਟੂ ਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਤੇ ਸੱਤਾਧਾਰੀ ਧਿਰ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅੱਜ ਵੀ ਪੁਲਿਸ ਰਾਜ ਹੈ ਅਤੇ ਅਕਾਲੀ ਸਰਕਾਰ ਸਿਰਫ਼ ਨਾਮ ਦੀ ਹੀ ਹੈ ਤੇ ਸਿਆਸਤ ਵਿਚ ਮਸ਼ਰੂਫ਼ ਹੈ। ਉਨ੍ਹਾਂ ਕਿਹਾ ਕਿ ਸੋਹਨਜੀਤ ਸਿੰਘ ਉਰਫ਼ ਸੋਹਣ ਦੀ ਮੌਤ ਪੁਲਿਸ ਤਸ਼ੱਦਦ ਨਾਲ ਹੋਈ ਹੈ। ਖ਼ੁਦਕਸ਼ੀ ਦੀ ਗੱਲ ਮਨਘੜਤ ਕਹਾਣੀ ਹੈ ਜੋ ਸਬੰਧਤ ਅਧਿਕਾਰੀਆਂ ਨੇ ਅਪਣੀ ਚਮੜੀ ਬਚਾਉਣ ਲਈ ਘੜੀ ਹੈ। ਸ. ਸੋਹਨਜੀਤ ਸਿੰਘ ਦੀ ਮੌਤ ਪੁਲਿਸ ਤਸ਼ੱਦਦ ਨਾਲ ਹੋਈ ਹੈ ਅਤੇ ਪੰਜਾਬ ਪੁਲਿਸ ਉਨ੍ਹਾਂ ਦੀ ਮੌਤ ਨੂੰ ਖੁਦਕੁਸ਼ੀ ਦੱਸ ਰਹੀ ਹੈ। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਰਹਿ ਰਹੇ ਮਰਹੂਮ ਖਾੜਕੂ ਸੋਹਨਜੀਤ ਸਿੰਘ ਸੋਹਣ ਦੇ ਸਪੁੱਤਰ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਥਰਡ ਡਿਗਰੀ ਦਾ ਤਸ਼ੱਦਦ ਕਰਕੇ ਪੁਲਿਸ ਨੇ ਮਾਰਿਆ ਹੈ ਅਤੇ ਮਾਰਨ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨੂੰ ਪੁਲਿਸ ਨੇ ਕਈ ਧਮਕੀਆਂ ਦਿੱਤੀਆਂ ਸਨ। ਮਨਮੋਹਨ ਸਿੰਘ ਨੇ ਸਮੂਹ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਉਸ ਦੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ।
News From: http://www.s7News.com

No comments:

 
eXTReMe Tracker