Sunday, March 27, 2011

News From S7news.com March 27, 2011

ਵਿਸ਼ਵ ਕ੍ਰਿਕਟ ਕੱਪ-2011 ਭਾਰਤ ਦਾ ਸੈਮੀਫਾਈਨਲ ਮੁਕਾਬਲਾ 30 ਮਾਰਚ ਨੂੰ ਮੋਹਾਲੀ 'ਚ ਪਾਕਿਸਤਾਨ ਵਿਰੁਧ

ਸਰਦਾਰ ਪਟੇਲ ਕ੍ਰਿਕਟ ਸਟੇਡੀਅਮ ਵਿਖੇ ਵਿਸ਼ਵ ਕ੍ਰਿਕਟ ਕੱਪ-2011 ਦੇ ਖੇਡੇ ਗਏ ਇਕ ਮੁਕਾਬਲੇ 'ਚ ਭਾਰਤ ਨੇ ਯੁਵਰਾਜ ਸਿੰਘ ਦੀ ਹਰਫਨਮੌਲਾ ਖੇਡ ਅਤੇ ਸਚਿਨ ਤੇਂਦੁਲਕਰ ਤੇ ਸੁਰੇਸ਼ ਰੈਨਾ ਦੀ ਕਮਾਲ ਦੀ ਬੱਲੇਬਾਜ਼ੀ ਦੀ ਬਦੌਲਤ ਆਸਟਰੇਲੀਆ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਮੁਕਾਬਲੇ ਲਈ ਕੁਆਲੀਫਾਈ ਕਰ ਲਿਆ। ਭਾਰਤ ਦਾ ਸੈਮੀਫਾਈਨਲ ਮੁਕਾਬਲਾ 30 ਮਾਰਚ ਨੂੰ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਟੇਡੀਅਮ 'ਚ ਪਾਕਿਸਤਾਨ ਵਿਰੁਧ ਹੋਵੇਗਾ। ਆਸਟਰੇਲੀਆ ਵੱਲੋਂ ਦਿੱਤੇ 261 ਦੌੜਾਂ ਦੇ ਟੀਚੇ ਨੂੰ ਭਾਰਤੀ ਟੀਮ ਨੇ 47.4 ਓਵਰਾਂ 'ਚ 5 ਵਿਕਟਾਂ ਗਵਾ ਕੇ ਪ੍ਰਾਪਤ ਕਰ ਲਿਆ। ਯੁਵਰਾਜ ਸਿੰਘ ਨੂੰ 'ਮੈਨ ਆਫ ਦੀ ਮੈਚ' ਐਲਾਨਿਆ ਗਿਆ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਤੇ ਸਚਿਨ ਤੇਂਦੁਲਕਰ ਨੇ ਟੀਮ ਨੂੰ ਠੋਸ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕੀਤੀ। ਪਰ 15 ਦੇ ਨਿੱਜੀ ਸਕੋਰ 'ਤੇ ਵਰਿੰਦਰ ਸਹਿਵਾਗ ਨੂੰ ਸ਼ੇਨ ਵਾਟਸਨ ਨੇ ਪੈਵੇਲੀਅਨ ਭੇਜ ਦਿੱਤਾ। ਇਸ ਤੋਂ ਬਾਅਦ ਸਚਿਨ ਤੇਂਦੁਲਕਰ ਅਤੇ ਗੌਤਮ ਗੰਭੀਰ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦਿਆਂ ਟੀਮ ਦਾ ਸਕੋਰ 94 ਦੌੜਾਂ ਤੱਕ ਪਹੁੰਚਾ ਦਿੱਤਾ ਤਾਂ ਗੰਭੀਰ ਦੌੜ ਦੇ ਚੱਕਰ 'ਚ 50 ਦੇ ਨਿੱਜੀ ਸਕੋਰ 'ਤੇ ਰਨ ਆਊਟ ਹੋ ਗਿਆ। ਇਸ ਤੋਂ ਬਾਅਦ ਆਏ ਵਿਰਾਟ ਕੋਹਲੀ ਨੇ ਵੀ ਕੁਝ ਚੰਗੇ ਸ਼ਾਟ ਖੇਡੇ ਅਤੇ ਮਹੱਤਵਪੂਰਨ 24 ਦੌੜਾਂ ਬਣਾਈਆਂ। ਸਚਿਨ ਤੇਂਦੁਲਕਰ ਅੱਜ ਵੀ ਆਪਣਾ 100ਵਾਂ ਸੈਂਕੜਾ ਬਣਾਉਣ 'ਚ ਨਾਕਾਮ ਰਿਹਾ ਪਰ ਉਸਨੇ 68 ਗੇਂਦਾਂ 'ਤੇ 53 ਦੌੜਾਂ ਬਣਾ ਕੇ ਭਾਰਤ ਦੀ ਜਿੱਤ ਲਈ ਆਧਾਰ ਕਾਇਮ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਦੇ ਯੁਵਰਾਜ ਸਿੰਘ ਨੇ ਸ਼ਾਨਦਾਰ ਨਾਬਾਦ 57 ਅਤੇ ਸੁਰੇਸ਼ ਰੈਨਾ ਨੇ ਨਾਬਾਦ 34 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਦੇ ਦੁਆਰ ਤੱਕ ਪਹੁੰਚਾ ਦਿੱਤਾ। ਇਸ ਤੋਂ ਇਲਾਵਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 7 ਦੌੜਾਂ ਦਾ ਯੋਗਦਾਨ ਪਾਇਆ। ਆਸਟਰੇਲੀਆ ਵੱਲੋਂ ਬਰੈਟ ਲੀ, ਸ਼ਾਨ ਟੈਟ, ਸ਼ੇਨ ਵਾਟਸਨ ਅਤੇ ਡੇਵਿਡ ਹਸੀ ਨੂੰ 1-1 ਵਿਕਟ ਮਿਲੀ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਅਤੇ ਬਰੈਡ ਹੈਡਿਨ ਨੇ ਟੀਮ ਨੂੰ ਠੋਸ ਸ਼ੁਰੂਆਤ ਦੇਣ ਦਾ ਯਤਨ ਕੀਤਾ ਪਰ ਵਾਟਸਨ 10ਵੇਂ ਓਵਰ 'ਚ 25 ਦੇ ਨਿੱਜੀ ਸਕੋਰ 'ਤੇ ਆਰ. ਅਸ਼ਵਿਨ ਨੂੰ ਵਿਕਟ ਦੇ ਬੈਠਾ। ਇਸ ਤੋਂ ਬਾਅਦ ਬਰੈਡ ਹੈਡਿਨ ਨੇ ਕਪਤਾਨ ਰਿੱਕੀ ਪੌਂਟਿੰਗ ਨਾਲ ਰਲ ਕੇ ਪਾਰੀ ਨੂੰ ਸੰਭਾਲਿਆ। ਦੋਵਾਂ ਖਿਡਾਰੀਆਂ ਨੇ 70 ਦੌੜਾਂ ਦੀ ਸਾਂਝੇਦਾਰੀ ਕੀਤੀ ਤਾਂ ਹੈਡਿਨ (53) ਨੂੰ ਯੁਵਰਾਜ ਸਿੰਘ ਨੇ ਪੈਵੇਲੀਅਨ ਦਾ ਰਾਹ ਦਿਖਾ ਦਿੱਤਾ। ਇਸ ਤੋਂ ਬਾਅਦ ਕਪਤਾਨ ਰਿੱਕੀ ਪੌਂਟਿੰਗ ਨਾਲ ਸਿਰਫ਼ ਡੇਵਿਡ ਹਸੀ ਨੇ 38 ਦੌੜਾਂ ਦਾ ਨਿੱਜੀ ਯੋਗਦਾਨ ਪਾਇਆ। ਪੌਂਟਿੰਗ ਨੇ ਅੱਜ 104 ਦੌੜਾਂ ਨਾਲ ਆਪਣਾ 30 ਸੈਂਕੜਾ ਲਗਾਇਆ। ਇਸ ਤੋਂ ਇਲਾਵਾ ਮਾਈਕਲ ਕਲਾਰਕ ਨੇ 8, ਮਾਈਕ ਹਸੀ ਨੇ 3, ਕੈਮਰੋਨ ਵਾਈਟ ਨੇ 12 ਅਤੇ ਮਿਸ਼ੇਲ ਜੌਹਨਸਨ ਨੇ ਨਾਬਾਦ 6 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵੱਲੋਂ ਅਸ਼ਵਿਨ, ਯੁਵਰਾਜ ਸਿੰਘ ਅਤੇ ਜ਼ਹੀਰ ਖਾਨ ਨੇ 2-2 ਵਿਕਟਾਂ ਲਈਆਂ।

ਭਾਰਤੀ ਟੀਮ ਨੇ ਜਿੱਥੇ ਆਸਟਰੇਲੀਆ ਟੀਮ ਨੂੰ ਵਿਸ਼ਵ ਕੱਪ 'ਚੋਂ ਬਾਹਰ ਕਰਕੇ ਇਤਿਹਾਸ ਰਚ ਦਿੱਤਾ, ਉਥੇ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਆਪਣੇ ਹੀ ਰਿਕਾਰਡ ਨੂੰ ਹੋਰ ਸੁਧਾਰਦਿਆਂ ਇਕ ਦਿਨਾਂ ਕ੍ਰਿਕਟ 'ਚ 18000 ਦੌੜਾਂ ਪੂਰੀਆਂ ਕਰਨ ਦਾ ਮਾਣ ਵੀ ਪ੍ਰਾਪਤ ਕਰ ਲਿਆ। ਆਸਟਰੇਲੀਆ ਵਿਰੁਧ ਮੈਚ 'ਚ ਸਚਿਨ ਨੇ 68 ਗੇਂਦਾਂ 'ਤੇ 53 ਦੌੜਾਂ ਬਣਾਈਆਂ। ਜਿਸ 'ਚ ਉਸਨੇ ਸ਼ਾਨਦਾਰ 2 ਚੌਕੇ ਵੀ ਲਗਾਏ।
News From: http://www.s7News.com

No comments:

 
eXTReMe Tracker