ਛੇ ਭੈਣ-ਭਰਾਵਾਂ ਦੇ ਪਰਿਵਾਰ ਦੇ ਬਲਵੰਤ ਸਿੰਘ ਰਾਮੂਵਾਲੀਆ ਨਾਲ ਤਿੱਖੇ ਮੱਤਭੇਦ
ਲੋਕ ਭਲਾਈ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਛੋਟੇ ਭਰਾ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਟਰਾਂਟੋ 'ਚ ਵਸੇ ਹੋਏ ਅਧਿਆਪਕ ਡਾ. ਰਛਪਾਲ ਸਿੰਘ ਰਾਮੂਵਾਲੀਆ ਨੇ ਖੁਲਾਸਾ ਕੀਤਾ ਹੈ ਕਿ ਛੇ ਭੈਣ-ਭਰਾਵਾਂ ਦੇ ਪਰਿਵਾਰ ਦੇ ਬਲਵੰਤ ਸਿੰਘ ਰਾਮੂਵਾਲੀਆ ਨਾਲ ਤਿੱਖੇ ਮੱਤਭੇਦ ਹਨ, ਜੋ ਕਿ ਪਿਤਾ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਦੋ ਸਾਲ ਪਹਿਲਾਂ ਹੋਏ ਅਕਾਲ ਚਲਾਣੇ ਦੇ ਦਿਨ ਤੋਂ ਹੋਰ ਗਹਿਰੇ ਹੁੰਦੇ ਜਾ ਰਹੇ ਹਨ। ਇਹ ਗੱਲ ਉਨ੍ਹਾਂ ਹਾਲ ਹੀ ਵਿੱਚ ਅਪਣੇ ਭਰਾ ਵਲੋਂ ਦਿੱਤੇ ਬਿਆਨਾਂ ਤੋਂ ਦੁਖੀ ਹੋ ਕੇ ਕਹੀ। ਸਾਰੀ ਗੱਲ ਪਿੰਡ ਰਾਮੂਵਾਲਾ ਵਿਚ ਪਰਿਵਾਰ ਦੀ ਜੱਦੀ 12 ਏਕੜ ਜ਼ਮੀਨ ਦੀ ਵੰਡ ਤੋਂ ਸ਼ੁਰੂ ਹੋਈ ਹੈ। ਬਲਵੰਤ ਸਿੰਘ ਰਾਮੂਵਾਲੀਆ ਅਨੁਸਾਰ ਉਨ੍ਹਾਂ ਨੇ ਅਪਣੇ ਭਾਈਆਂ ਨੂੰ ਜ਼ਮੀਨ ਦਾ ਹਿੱਸਾ ਦੇਣਾ ਮੰਨਿਆ ਹੈ ਅਤੇ ਉਹ ਬਾਪੂ ਜੀ ਦੇ ਨਾਂ 'ਤੇ ਕਵੀਸ਼ਰਘਰ ਅਤੇ 11 ਮੈਂਬਰੀ ਟਰੱਸਟ ਅਧੀਨ ਇਕ ਅਕਾਦਮੀ ਸਥਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਪਣੇ ਮ੍ਰਿਤਕ ਪਿਤਾ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ ਅਤੇ ਜ਼ਮੀਨ ਹੜੱਪਣ ਦੀ ਕੋਈ ਮਨਸ਼ਾ ਨਹੀਂ। ਦੂਜੇ ਪਾਸੇ ਰਛਪਾਲ ਰਾਮੂਵਾਲੀਆ ਅਨੁਸਾਰ ਬਾਪੂ ਪਾਰਸ ਤਰਕਸ਼ੀਲ ਵਿਚਾਰਾਂ ਦਾ ਪੱਕਾ ਧਾਰਨੀ ਹੋਣ ਕਰਕੇ ਜਾਦੂ ਟੂਣੇ, ਜੋਤਿਸ਼, ਦਿਸ਼ਾ ਵਾਸਤੂਸ਼ਾਸਤਰ ਤੇ ਹਰ ਤਰ੍ਹਾਂ ਦੀ ਵਹਿਮਪ੍ਰਸਤੀ ਦੇ ਸਖ਼ਤ ਖਿਲਾਫ਼ ਸੀ, ਪਰ ਬਲਵੰਤ ਸਿੰਘ ਰਾਮੂਵਾਲੀਆ, ਰਾਜਨੀਤੀ 'ਚ ਕਾਮਯਾਬ ਹੋਣ ਦੀ ਲਾਲਸਾ ਅਧੀਨ ਇਨ੍ਹਾਂ ਸਾਰੇ ਵਹਿਮਾਂ-ਭਰਮਾਂ 'ਚ ਖੁੱਭ ਚੁੱਕੇ ਹਨ। ਇਸੇ ਲਈ ਉਨ੍ਹਾਂ ਨੇ ਬਾਪੂ ਪਾਰਸ ਦੀਆਂ ਅੰਤਮ ਰਸਮਾਂ ਉਨ੍ਹਾਂ ਦੀਆਂ ਇੱਛਾਵਾਂ ਦੇ ਉਲਟ ਅਦਾ ਕਰਕੇ ਸਾਰੇ ਪਰਿਵਾਰ ਦੀ ਨਾਰਾਜ਼ਗੀ ਸਹੇੜ ਲਈ। ਉਨ੍ਹਾਂ ਕਿਹਾ ਕਿ ਬਾਪੂ ਜੀ ਨੇ ਮਰਨ ਉਪਰੰਤ ਅਪਣੇ ਅੰਗ ਦਾਨ ਕੀਤੇ ਜਾਣ ਅਤੇ ਆਤਮਿਕ ਸ਼ਾਂਤੀ ਦੀ ਕੋਈ ਅਰਦਾਸ ਨਾ ਕਰਨ ਦੀ ਹਦਾਇਤ ਕੀਤੀ ਸੀ, ਪਰ ਬਲਵੰਤ ਸਿੰਘ ਰਾਮੂਵਾਲੀਆ ਨੇ ਬਾਕੀ ਪਰਿਵਾਰ ਨੂੰ ਅਣਗੌਲੇ ਕਰਕੇ ਬਾਪੂ ਜੀ ਦੀਆਂ ਇਨ੍ਹਾਂ ਇੱਛਾਵਾਂ ਦੀ ਘੋਰ ਉਲੰਘਣਾ ਕੀਤੀ ਅਤੇ ਉਨ੍ਹਾਂ ਦੇ ਸਸਕਾਰ ਮਗਰੋਂ ਸ਼ਰਧਾਂਜਲੀ ਸਮਾਰੋਹ ਨੂੰ ਪੂਰਨ ਤੌਰ 'ਤੇ ਸਿਆਸੀ ਕਾਨਫ਼ਰੰਸ ਦਾ ਰੂਪ ਦੇ ਦਿੱਤਾ। ਇਸ ਤੋਂ ਇਲਾਵਾ ਬਾਪੂ ਜੀ ਦੀ ਇਹ ਇੱਛਾ ਵੀ ਸੀ ਕਿ ਉਨ੍ਹਾਂ ਦੀ ਜੱਦੀ ਜਾਇਦਾਦ ਵਿਚੋਂ ਦੋ ਏਕੜ ਜ਼ਮੀਨ ਉਨ੍ਹਾਂ ਦੀ ਵੱਡੀ ਧੀ ਚਰਨਜੀਤ ਨੂੰ ਦਿੱਤੀ ਜਾਵੇ ਜਿਸ ਨੇ ਕੈਨੇਡਾ ਵਿੱਚ ਬਾਪੂ ਪਾਰਸ ਤੇ ਮਾਤਾ ਦਲਜੀਤ ਕੌਰ ਦੀ 23 ਸਾਲ ਸੇਵਾ ਕੀਤੀ, ਪਰ ਬਲਵੰਤ ਸਿੰਘ, ਅਪਣੇ ਪਿਤਾ ਦੀ ਇਹ ਇੱਛਾ ਪੂਰੀ ਕਰਨ ਤੋਂ ਵੀ ਪਿੱਛੇ ਹਟ ਗਏ। ਡਾ. ਰਛਪਾਲ ਸਿੰਘ ਰਾਮੂਵਾਲੀਆ ਨੇ ਦਸਿਆ ਕਿ ਦੋ ਸਾਲ ਪਹਿਲਾਂ ਸੰਗਰੂਰ ਦੀ ਸੰਸਦੀ ਸੀਟ ਜਿੱਤਣ ਲਈ ਬਲਵੰਤ ਸਿੰਘ ਰਾਮੂਵਾਲੀਆ ਨੇ ਦਿਸ਼ਾਵਸਤੂ ਸ਼ਾਸਤਰ ਦਾ ਸਹਾਰਾ ਲੈਂਦਿਆਂ ਰਾਮੂਵਾਲਾ ਪਿੰਡ ਵਾਲੇ ਵਿਸ਼ਾਲ ਮਕਾਨ ਉਪਰ ਤਾਂਤਰਿਕਾਂ ਦੀਆਂ ਹਦਾਇਤਾਂ ਅਨੁਸਾਰ ਇੱਕ ਚੁਬਾਰੇ ਦੀ ਉਸਾਰੀ ਸ਼ੁਰੂ ਕੀਤੀ ਹੋਈ ਸੀ। ਬਾਪੂ ਪਾਰਸ ਦੇ ਸਸਕਾਰ ਵਾਲੇ ਦਿਨ ਵੀ ਇਹ ਉਸਾਰੀ ਜਾਰੀ ਰੱਖੀ ਗਈ ਹਾਲਾਂਕਿ ਬਾਪੂ ਜੀ ਦੀ ਦੇਹ ਘਰ ਦੇ ਵਿਹੜੇ 'ਚ ਰੱਖੀ ਹੋਈ ਸੀ ਅਤੇ ਬਾਪੂ ਜੀ ਦੇ ਦਰਸ਼ਨਾਂ ਲਈ ਹਜ਼ਾਰਾਂ ਪ੍ਰਸੰਸਕ ਘਰ ਦੇ ਵਿਹੜੇ ਵਿੱਚ ਹਾਜ਼ਰ ਸਨ। ਇਸ ਕਾਰਨ ਬਾਕੀ ਦਾ ਸਾਰਾ ਪਰਿਵਾਰ ਡਾਢਾ ਖ਼ਫ਼ਾ ਹੋਇਆ ਸੀ। ਰਛਪਾਲ ਸਿੰਘ ਰਾਮੂਵਾਲੀਆ ਨੇ ਦਾਅਵਾ ਕੀਤਾ ਕਿ ਬਾਪੂ ਜੀ ਦੀ ਵਸੀਅਤ ਅਨੁਸਾਰ ਜੱਦੀ ਜ਼ਮੀਨ ਚਾਰਾਂ ਭਰਾਵਾਂ ਦੇ ਨਾਮ ਚੜ੍ਹ ਚੁੱਕੀ ਹੈ ਪਰ ਪਿਛਲੇ ਦੋ ਸਾਲ ਤੋਂ ਬਲਵੰਤ ਸਿੰਘ ਰਾਮੂਵਾਲੀਆ ਇਸ ਬਟਵਾਰੇ ਨੂੰ ਸਿਰੇ ਚਾੜ੍ਹਨ ਪੱਖੋਂ ਟਲ ਮਟੋਲ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਲਵੰਤ ਸਿੰਘ ਰਾਮੂਵਾਲੀਆ ਹੁਣ ਕਵੀਸ਼ਰੀ ਦੀ ਅਕਾਡਮੀ ਖੋਲ੍ਹਣ ਦੇ ਨਾਮ ਉੱਤੇ ਸਾਰੀ ਜ਼ਮੀਨ ਇੱਕ ਟਰੱਸਟ ਦੇ ਹਵਾਲੇ ਕਰਨ ਦੇ ਸ਼ੋਸ਼ੇ ਛੱਡ ਰਹੇ ਹਨ ਜਦੋਂ ਕਿ ਬਾਕੀ ਪਰਿਕਾਰ ਨੂੰ ਸੰਦੇਚ ਹੈ ਕਿ ਇਹ ਟਾਲ ਮਟੋਲ ਚਾਰ ਕਰੋੜ ਰੁਪਏ ਦੇ ਮੁੱਲ ਦੀ, 12 ਏਕੜ ਜ਼ਮੀਨ ਨੂੰ ਕਥਿਤ ਤੌਰ 'ਤੇ ਖੁਰਦ ਬੁਰਦ ਕਰਨ ਲਈ ਹੈ। ਡਾਕਟਰ ਰਛਪਾਲ ਸਿੰਘ ਰਾਮੂਵਾਲੀਆ ਨੇ ਦਾਅਵਾ ਕੀਤਾ ਕਿ ਬਾਕੀ ਪਰਿਵਾਰ ਬਾਪੂ ਜੀ ਦੀ ਯੋਗ ਯਾਦਗਾਰ ਆਪਣੇ ਤੌਰ 'ਤੇ ਬਣਾਉਣ ਦੀ ਯੋਜਨਾ ਉੱਤੇ ਕੰਮ ਕਰ ਰਿਹਾ ਹੈ ਅਤੇ ਬਲਵੰਤ ਸਿੰਘ ਰਾਮੂਵਾਲੀਆ ਨਾਲ ਕਿਸੇ ਕਿਸਮ ਦੀ ਸਾਂਝ ਰੱਖਣ ਲਈ ਤਿਆਰ ਨਹੀਂਬਲਵੰਤ ਸਿੰਘ ਰਾਮੂਵਾਲੀਆ ਨੇ ਅਪਣੇ ਭਰਾ ਵਲੋਂ ਲਾਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ, 'ਮੈਂ ਜੋਤਸ਼ੀਆਂ ਦੇ ਮਗਰ ਉੱਕਾ ਨਹੀਂ ਫਿਰਦਾ। ਉਨ੍ਹਾਂ ਦੱਸਿਆ ਕਿ ਬਾਪੂ ਪਾਰਸ ਦੇ ਦੇਹਾਂਤ ਦੇ ਦਿਨ ਉਨ੍ਹਾਂ ਦੇ ਪਿੰਡ ਦੇ ਘਰ ਦੀ ਉਸਾਰੀ 'ਚ ਲਗੇ ਮਿਸਤਰੀ ਹਟਾ ਦਿੱਤੇ ਸਨ, ਜੋ ਕਿ 'ਸਾਡਾ ਫਰਜ਼ ਬਣਦਾ ਸੀ ਤੇ ਮੇਰੇ ਭਰਾ ਸ਼ਾਇਦ ਇਸ ਨੂੰ ਵਹਿਮ ਭਰਮ ਮੰਨਦੇ ਹਨ'। ਉਨ੍ਹਾਂ ਦਾਅਵਾ ਕੀਤਾ ਕਿ ਪਰਿਵਾਰ ਦੀ ਜੱਦੀ ਜ਼ਮੀਨ ਦੀ ਆਮਦਨ ਵਿਚੋਂ ਬਾਪੂ ਪਾਰਸ ਦੀ ਇੱਛਾ ਅਨੁਸਾਰ ਪਿੰਡ ਵਿੱਚ ਕਵੀਸ਼ਰੀ ਅਕਾਦਮੀ ਬਣਾਈ ਜਾ ਰਹੀ ਹੈ। ਇਹ ਸਾਰਾ ਕੁਝ ਵੱਡੇ ਭਰਾ ਹਰਚਰਨ ਸਿੰਘ ਦੇ ਹੱਥੀਂ ਹੋ ਰਿਹਾ ਹੈ ਅਤੇ ਇਸ ਵਿੱਚ 'ਮੇਰਾ ਕੋਈ ਰੋਲ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦਾ ਛੋਟਾ ਭਰਾ ਇਕਬਾਲ ਸਿੰਘ ਇਸ ਵਿੱਚ ਅਪਣਾ ਹਿੱਸਾ ਪਾਉਣ ਤੋਂ ਡਰਦਾ ਹੈ, ਜਦੋਂ ਕਿ ਮੈਂ ਤਾਂ ਅਕਾਦਮੀ ਲਈ ਅਪਣੇ ਪੱਲਿਓਂ ਵੀ ਵੱਡੇ ਭਰਾ ਨੂੰ ਦੇ ਆਇਆ ਹਾਂ।' ਉਨ੍ਹਾਂ ਕਿਹਾ ਕਿ ਅਸਲੀਅਤ ਦਾ ਪਤਾ ਲਾਉਣ ਲਈ ਇਕ ਵਿਦੇਸ਼ੀ ਚੈਨਲ ਵਾਲੇ ਸਾਡੇ ਪਿੰਡ ਆਏ ਹਨ, ਜਦੋਂ ਕਿ ਭਰਾਵਾਂ ਵਲੋਂ 'ਮੇਰੇ ਵਿਰੁੱਧ ਬਾਹਰ ਕੀਤਾ ਜਾ ਰਿਹਾ ਪ੍ਰਚਾਰ ਉਲਟ ਹੈ। ਉਂਝ ਵੀ ਪਰਿਵਾਰਕ ਮਸਲੇ ਮੀਡੀਆ ਵਿੱਚ ਉਛਾਲੇ ਜਾਣ ਦੇ ਮੈਂ ਸਖ਼ਤ ਖਿਲਾਫ਼ ਹਾਂ।
News From: http://www.s7News.com
No comments:
Post a Comment