ਖਾੜਕੂ ਸੋਹਨ ਸਿੰਘ ਦੀ ਪੁਲਿਸ ਹਿਰਾਸਤ 'ਚ ਮੌਤ
ਅੰਮ੍ਰਿਤਸਰ/ਬਿਊਰੋਪੰਜਾਬ ਸਟੇਟ ਆਪ੍ਰੇਸ਼ਨ ਸੈੱਲ ਵਲੋਂ ਬੀਤੀ 7 ਮਾਰਚ ਨੂੰ ਗ੍ਰਿਫ਼ਤਾਰ ਕੀਤੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਖਾੜਕੂ ਸੋਹਨਜੀਤ ਸਿੰਘ ਉਰਫ਼ ਸੋਹਨ ਸਿੰਘ ਵਾਸੀ ਸੁਰਸਿੰਘ ਦੀ ਪੁਲਿਸ ਹਿਰਾਸਤ ਦੌਰਾਨ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਮਾਣਯੋਗ ਅਦਾਲਤ ਵਲੋਂ ਉਸ ਦਾ 9 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੋਇਆ ਸੀ ਤੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ। ਪੁਲਿਸ ਅਨੁਸਾਰ ਸੋਹਨ ਸਿੰਘ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਗਈ ਹੈ, ਜਦਕਿ ਮੌਕੇ 'ਤੇ ਪੁੱਜੇ ਸੋਹਨ ਸਿੰਘ ਦੇ ਪਰਿਵਾਰ ਵਾਲੇ ਤੇ ਹੋਰਾਂ ਵਲੋਂ ਇਸ ਨੂੰ ਵਧੇਰੇ ਤਸ਼ੱਦਦ ਕਾਰਨ ਹੋਈ ਮੌਤ ਦੱਸਿਆ ਜਾ ਰਿਹਾ ਹੈ। ਸੋਹਨ ਸਿੰਘ ਦੇ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਟੇਟ ਆਪ੍ਰੇਸ਼ਨ ਸੈੱਲ 'ਚੋਂ ਫੋਨ ਆਇਆ ਕਿ ਸੋਹਨ ਸਿੰਘ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਉਨ੍ਹਾਂ ਕਿਹਾ ਕਿ ਸੋਹਨ ਸਿੰਘ ਇਕ ਬਹਾਦਰ ਵਿਅਕਤੀ ਸੀ ਤੇ ਉਹ ਇਸ ਤਰ੍ਹਾਂ ਬੁਜ਼ਦਿਲਾਂ ਵਾਲੀ ਮੌਤ ਨਹੀਂ ਮਰ ਸਕਦਾ। ਪਰਿਵਾਰ ਨੇ ਦੱਸਿਆ ਕਿ ਇਹ ਮੌਤ ਪੁਲਿਸ ਦੇ ਤਸ਼ੱਦਦ ਕਰਕੇ ਹੋਈ ਹੈ, ਜਿਸ ਨੂੰ ਆਤਮ ਹੱਤਿਆ ਦਾ ਨਾਂਅ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਖ਼ਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਸ਼੍ਰੋਮਣੀਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਅਕਾਲੀ ਦਲ (ਮਾਨ) ਦੇ ਪ੍ਰਧਾਨ ਸਿਰਮਨਜੀਤ ਸਿੰਘ ਮਾਨ ਤੇ ਹੋਰ ਜਥੇਬੰਦੀਆਂ ਵਲੋਂ ਸੋਹਨਜੀਤ ਸਿੰਘ ਦੀ ਹਿਰਾਸਤ 'ਚ ਹੋਈ ਮੌਤ ਦੀ ਆਲੋਚਨਾ ਕਰਦਿਆਂ ਸਰਕਾਰ ਤੇ ਪੁਲਿਸ ਦੀ ਨਿਖੇਧੀ ਕੀਤੀ ਹੈ। ਪੁਲਿਸ ਤਸ਼ੱਦਦ ਦੌਰਾਨ ਹੋਈ ਮੌਤ ਦਾ ਖੰਡਨ ਕਰਦਿਆਂ ਸੈੱਲ ਦੇ ਏਆਈਜੀ ਮਨਮਿੰਦਰ ਸਿੰਘ ਨੇ ਦੱਸਿਆ ਕਿ ਸਵਾ ਸੱਤ ਵਜੇ ਚਾਹ ਪੀਣ ਤੇ ਪਾਠ ਕਰਨ ਉਪਰੰਤ ਸੋਹਨ ਸਿੰਘ ਨੇ ਆਪਣੇ ਸਿਰ ਵਾਲੇ ਪਰਨੇ ਨਾਲ ਫਾਹਾ ਲੈ ਲਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਮਾਣਯੋਗ ਸੈਸ਼ਨ ਜੱਜ ਨੂੰ ਇਸ ਮੌਤ ਦੀ ਨਿਆਇਕ ਜਾਂਚ ਲਈ ਬੇਨਤੀ ਕੀਤੀ ਗਈ ਸੀ, ਜਿਸ ਨੂੰ ਮੰਨਦਿਆਂ ਉਨ੍ਹਾਂ ਸ੍ਰੀਮਤੀ ਪੂਜਾ ਅਨਧੋਤਰਾ ਜੇਐਮਆਈਸੀ ਨੂੰ ਇਸ ਲਈ ਨਿਯੁਕਤ ਕੀਤਾ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਨਾਲ ਸਚਾਈ ਸਾਹਮਣੇ ਆ ਜਾਵੇਗੀ। ਪੁਲਿਸ ਦੇ ਦਾਅਵੇ ਮੁਤਾਬਕ ਸੋਹਨ ਸਿੰਘ 'ਤੇ ਅੰਮ੍ਰਿਤਸਰ ਦੇ ਸਰਕਟ ਹਾਊਸ ਨੇੜੇ ਕਾਰ ਬੰਬ ਲਾਉਣ, ਪਾਕਿਸਤਾਨ ਤੋਂ ਹਥਿਆਰ ਤੇ ਹੋਰ ਧਮਾਕਾਖੇਜ਼ ਸਮੱਗਰੀ ਮੰਗਵਾਉਣ ਤੇ ਕਈ ਖਾੜਕੂ ਕਾਰਵਾਈਆਂ ਵਿਚ ਸ਼ਮੂਲੀਅਤ ਦੇ ਦੋਸ਼ ਸਨ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਗੁਰਧਾਮਾਂ ਦੇ ਦਰਸ਼ਨਾ ਦੇ ਬਹਾਨੇ ਤਿੰਨ ਵਾਰ ਪਾਕਿਸਤਾਨ ਜਾ ਚੁੱਕਾ ਸੀ ਤੇ ਉਥੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਤੇ ਹੋਰ ਖਾੜਕੂ ਜਥੇਬੰਦੀਆਂ ਦੇ ਮੁਖੀਆਂ ਨਾਲ ਵੀ ਮੁਲਾਕਾਤਾਂ ਕਰਦਾ ਰਿਹਾ ਸੀ।
News From: http://www.s7News.com
No comments:
Post a Comment