ਭੂਚਾਲ, ਸੁਨਾਮੀ ਤੋਂ ਬਾਅਦ ਐਟਮੀ ਰੇਡੀਏਸ਼ਨ ਨਾਲ ਜਾਪਾਨ 'ਚ ਵਿਆਪਕ ਤਬਾਹੀ ਪੂਰੀ ਦੂਨੀਆ 'ਤੇ ਰੇਡੀਏਸ਼ਨ ਦਾ ਖ਼ਤਰਾ ਮੰਡਰਾਉਣ ਲੱਗਾ
ਟੋਕੀਓ/ਬਿਊਰੋ
ਭੂਚਾਲ ਅਤੇ ਸੁਨਾਮੀ ਨਾਲ ਤਬਾਹ ਹੋਏ ਜਾਪਾਨ ਦੇ ਫੁਕੁਸ਼ਿਮਾ ਪ੍ਰਮਾਣੂ ਊਰਜਾ ਕੇਂਦਰ ਦੇ ਤਿੰਨ ਰਿਐਕਟਰਾਂ ਵਿਚ ਹੋਏ ਵਿਸਫੋਟ ਤੋਂ ਬਾਅਦ ਜਿਥੇ ਜਾਪਾਨ ਨਵੀਂ ਮੁਸੀਬਤ ਦਾ ਸਾਹਮਣਾ ਕਰ ਰਿਹਾ ਹੈ, ਉਥੇ ਇਸ ਨੇ ਅੰਤਰਰਾਸ਼ਟਰੀ ਚਿੰਤਾਵਾਂ ਵੀ ਵਧਾ ਦਿੱਤੀ ਹਨ। ਜਾਪਾਨ ਵਿਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਨੁਕਸਾਨੇ ਪ੍ਰਮਾਣੂ ਰਿਐਕਟਰ ਤੋਂ ਹਾਨੀਕਾਰਕ ਵਿਕਿਰਨਾਂ ਦੇ ਰਿਸਾਅ ਦਾ ਅਸਰ ਅਮਰੀਕੀ ਤੱਟਾਂ ਤੱਕ ਪਹੁੰਚਣ ਦੀ ਕੋਈ ਸੰਭਾਵਨਾ ਭਾਵੇਂ ਨਾ ਹੋਵੇ, ਪਰ ਤਾਜ਼ਾ ਖਬਰਾਂ ਮੁਤਾਬਕ ਰੇਡੀਏਸ਼ਨ ਦਾ ਅਸਰ ਹੁਣ ਰੂਸ ਤੱਕ ਪਹੁੰਚ ਗਿਆ ਹੈ। ਰੂਸ ਦੇ ਬਾਹਰੀ ਸ਼ਹਿਰ ਵਲਾਦੀਵੋਸਤੋਕ ਵਿਚ ਰੇਡੀਏਸ਼ਨ ਦਾ ਪੱਧਰ ਵਧਣ ਦੀ ਸੰਭਾਵਨਾ ਹੈ। ਕਾਬਿਲੇਗੌਰ ਹੈ ਕਿ ਹਵਾ ਦੀ ਦਿਸ਼ਾ ਵੱਲ ਹੀ ਵਿਕਿਰਨਾਂ ਫੈਲਦੀਆਂ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਨੇ ਹੱਥ ਖੜੇ ਕਰਦਿਆਂ ਕਿਹਾ ਹੈ ਕਿ ਇਸ ਰਿਐਕਟ ਤੋਂ ਬਹੁਤ ਜ਼ਿਆਦਾ ਰੇਡੀਏਸ਼ਨ ਹੋ ਰਿਹਾ ਹੈ। ਜਾਣਕਾਰ ਦੱਸਦੇ ਹਨ ਕਿ ਇਥੋਂ ਰੇਡੀਏਸ਼ਨ ਦਾ ਪੱਧਰ ਕਈ ਗੁਣਾ ਵਧ ਚੁੱਕਾ ਹੈ ਅਤੇ ਟੋਕੀਓ ਤੱਕ ਮਾਰੂ ਅਸਰ ਪਹੁੰਚ ਗਿਆ ਹੈ। ਦੁਰਪ੍ਰਭਾਵ ਵਾਲੇ ਇਲਾਕੇ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਜਾਪਾਨ ਅਤੇ ਇਥੋਂ ਦੇ ਲੋਕਾਂ ਵਿਚ ਇਹ ਡਰ ਪਾਇਆ ਜਾ ਰਿਹਾ ਹੈ ਕਿ ਹਿਰੋਸ਼ਿਮਾ ਤੇ ਨਾਗਾਸਾਕੀ ਦੇ ਐਟਮੀ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਜਾਪਾਨ ਦੀਆਂ ਨਸਲਾਂ ਵਰ੍ਹਿਆਂ ਤੋਂ ਨਰਕ ਭੋਗਦੀਆਂ ਆ ਰਹੀਆਂ ਸਨ, ਉਸ ਤਰ੍ਹਾਂ ਰੇਡੀਏਸ਼ਨ ਦੇ ਮਾਰੂ ਅਸਰ ਕਾਰਨ ਕਿਤੇ ਫੇਰ ਜਾਪਾਨ ਨੂੰ ਕੈਂਸਰ ਅਤੇ ਹੋਰ ਖਤਰਨਾਕ ਬਿਮਾਰੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਜਾਪਾਨ ਦੇ ਪ੍ਰਧਾਨ ਮੰਤਰੀ ਨਾਓਤੋ ਕਾਨ ਨੇ ਜਾਪਾਨ ਦੇ ਮੌਜੂਦਾ ਸੰਕਟ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਤਰਾਸਦੀ ਦੱਸਿਆ ਹੈ। ਪੁਲਿਸ ਅਧਿਕਾਰੀਆਂ ਨੇ ਸ਼ੰਕਾ ਪ੍ਰਗਟਾਈ ਹੈ ਕਿ ਇਕੱਲੇ ਇਸੇ ਪ੍ਰਸ਼ਾਸਕੀ ਖੇਤਰ ਵਿਚ ਮ੍ਰਿਤਕਾਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਹੋ ਸਕਦੀ ਹੈ। ਫੁਤਾਬਾ ਕਸਬੇ ਦੇ ਤੱਟੀ ਇਲਾਕੇ ਵਿਚ ਤਿੰਨ ਭਾਈਚਾਰਿਆਂ ਦੇ 90 ਪ੍ਰਤੀਸ਼ਤ ਮਕਾਨ ਸੁਨਾਮੀ ਦੀਆਂ ਲਹਿਰਾਂ ਵਿਚ ਰੁੜ੍ਹ ਗਏ ਹਨ। ਲਗਭਗ 3.90 ਲੱਖ ਲੋਕ ਬੇਘਰ ਹੋ ਗਏ ਹਨ। ਲੰਘੇ ਸ਼ੁੱਕਰਵਾਰ ਨੂੰ ਆਏ 8.9 ਤੀਬਰਤਾ ਵਾਲੇ ਭੂਚਾਲ ਅਤੇ ਉਸ ਤੋਂ ਪੈਦਾ ਹੋਈ ਸੁਨਾਮੀ ਕਾਰਨ ਜਾਪਾਨ ਵਿਚ ਇਹ ਤਬਾਹੀ ਹੋਈ ਹੈ। ਸੋਮਵਾਰ ਤੱਕ ਮਿਆਗੀ ਇਲਾਕੇ ਦੇ ਦੋ ਸਮੁੰਦਰੀ ਤਟਾਂ ਤੋਂ ਹੀ 2000 ਦੇ ਕਰੀਬ ਲਾਸ਼ਾਂ ਮਿਲੀਆਂ ਸਨ। ਇਕ ਹਜ਼ਾਰ ਲਾਸ਼ਾਂ ਮਿਨਾਮੀਸਾਨਰੀਕੂ ਕਸਬੇ ਵਿਚ ਮਿਲੀਆਂ ਹਨ। ਮਿਆਗੀ ਪ੍ਰਸ਼ਾਸਨ ਅਜੇ ਵੀ ਇਲਾਕੇ ਵਿਚ ਰਹਿਣ ਵਾਲੀ ਅੱਧੀ ਆਬਾਦੀ ਮਤਲਬ 10 ਹਜ਼ਾਰ ਲੋਕਾਂ ਨਾਲ ਕੋਈ ਸੰਪਰਕ ਨਹੀਂ ਬਣਾ ਸਕਿਆ। ਓਧਰ ਔਤਸੂਚੀ ਵਿਚ ਵੀ 8 ਹਜ਼ਾਰ ਲੋਕਾਂ ਦਾ ਅਜੇ ਕੋਈ ਅਤਾ ਪਤਾ ਨਹੀਂ। ਸਰਕਾਰੀ ਸੂਤਰਾਂ ਨੇ ਲਗਭਗ 5000 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਜਦਕਿ ਲਾਪਤਾ ਲੋਕਾਂ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਹੋਈ ਮੌਤ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਰਿਹਾ।
ਉੱਤਰੀ ਪੂਰਬੀ ਜਪਾਨ ਦੇ ਤਟੀ ਇਲਾਕੇ 'ਚ ਪਿਛਲੇ 140 ਸਾਲਾਂ ਵਿਚ 9 ਤੀਬਰਤਾ ਵਾਲੇ ਆਏ ਸਭ ਤੋਂ ਵੱਡੇ ਸ਼ਕਤੀਸ਼ਾਲੀ ਭੁਚਾਲ ਨਾਲ ਦਸ ਹਜ਼ਾਰ ਤੋਂ ਵੱਧ ਲੋਕ ਮਾਰੇ ਜਾਣ ਦਾ ਖਦਸ਼ਾ ਹੈ ਜਦਕਿ ਹਜ਼ਾਰਾਂ ਜ਼ਖ਼ਮੀ ਤੇ ਲਾਪਤਾ ਹਨ। ਭੁਚਾਲ ਨਾਲ ਦੇਸ਼ ਦੀ ਤਟੀ ਰੇਖਾ 'ਤੇ 33 ਫੁੱਟ ਉੱਚੀ ਸਮੁੰਦਰੀ ਸੁਨਾਮੀ ਲਹਿਰ ਵੱਡੀ ਗਿਣਤੀ ਵਿਚ ਮਕਾਨ, ਮੋਟਰ ਗੱਡੀਆਂ, ਜ਼ਹਾਜ਼ ਅਤੇ ਵੱਡੀਆਂ ਕਿਸ਼ਤੀਆਂ ਵਹਾ ਕੇ ਲੈ ਗਈ। ਟੈਲੀਵੀਜ਼ਨ ਚੈਨਲਾਂ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਪਾਣੀ ਦੀ ਉੱਚੀ ਕੰਧ ਤੱਟੀ ਖੇਤਰ ਵਿਚ ਮਕਾਨਾਂ ਅਤੇ ਮਲਬੇ ਨੂੰ ਵਹਾ ਕੇ ਲਿਜਾ ਰਹੀ ਹੈ। ਇਸੇ ਦੌਰਾਨ ਦਰਜਨਾਂ ਥਾਵਾਂ 'ਤੇ ਅਚਾਨਕ ਅੱਗ ਲੱਗ ਗਈ, ਜਿਨਾਂ ਨਾਲ ਨੁਕਸਾਨ ਹੋਰ ਜ਼ਿਆਦਾ ਹੋ ਗਿਆ। ਟੋਕੀਓ ਨੂੰ ਛੱਡ ਕੇ ਦੇਸ਼ ਦੇ ਸਾਰੇ ਹਵਾਈ ਅੱਡੇ ਅਤੇ ਬੰਦਰਗਾਹਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਟੋਕੀਓ ਨੇੜੇ ਚੀਬਾ ਤੇਲ ਸੋਧਕ ਕਾਰਖਾਨੇ ਵਿਚ ਵੀ ਅੱਗ ਲੱਗ ਜਾਣ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਕਾਬਿਲੇਗੌਰ ਹੈ ਕਿ ਜਾਪਾਨ ਵਿਚ ਸੁਨਾਮੀ ਆਉਣ ਤੋਂ ਬਾਅਦ ਪੇਰੂ, ਇੰਡੋਨੇਸ਼ੀਆ, ਤਾਇਵਾਨ, ਹਵਾਈ, ਫਿਲਪਾਈਨ, ਨਿਕਾਰਾਗੁਆ, ਚਿੱਲੀ, ਕੋਸਟਾਰਿਕਾ, ਪਨਾਮਾ, ਹਾਂਡੂਰਸ, ਕੋਲੰਬੀਆ, ਮੈਕਸੀਕੋ, ਗੁਆਟੇਮਾਲਾ ਸਮੇਤ ਕਰੀਬ 20 ਤੋਂ ਵੱਧ ਦੇਸ਼ਾਂ ਵਿਚ ਸੁਨਾਮੀ ਆਉਣ ਦੀ ਚੇਤਾਵਨੀ ਦਿੱਤੀ ਗਈ ਸੀ।
ਫੁਕੁਸ਼ਿਮਾ ਰਿਐਕਟਰ ਦੇ ਧਮਾਕਿਆਂ ਨਾਲ ਤਬਾਹ ਹੋਣ ਅਤੇ ਉਥੋਂ ਨਿਊਕਲੀਅਰ ਵਿਕਿਰਣਾਂ ਦੇ ਰਿਸਾਅ ਕਾਰਨ ਪੈਦਾ ਹੋਏ ਐਟਮੀਂ ਖ਼ਤਰੇ ਦੇ ਮੱਦੇਨਜ਼ਰ ਦੇਸ਼ ਵਿਚ ਸਾਰੇ ਪ੍ਰਮਾਣੂ ਪਲਾਂਟ ਬੰਦ ਕਰ ਦਿੱਤੇ ਗਏ ਹਨ ਅਤੇ ਪ੍ਰਮਾਣੂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਪ੍ਰਮਾਣੂ ਰਿਐਕਟਰਾਂ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਗਈ ਹੈ। ਫੁਕੁਸ਼ਿਮਾ ਪ੍ਰਮਾਣੂ ਪਲਾਂਟ ਵਿਚ ਉਸ ਸਮੇਂ ਗੰਭੀਰ ਗੜਬੜੀ ਸਾਹਮਣੇ ਆਈ ਜਦੋਂ ਉਸ ਦੀ ਐਮਰਜੈਂਸੀ ਕੂਲਿੰਗ ਪ੍ਰਣਾਲੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਇਸ ਨਾਲ ਪ੍ਰਮਾਣੂ ਰਿਸਾਵ ਦਾ ਖਤਰਾ ਪੈਦਾ ਹੋ ਗਿਆ। ਇਸ ਤੋਂ ਬਾਅਦ ਜਾਪਾਨੀ ਸਰਕਾਰ ਨੇ ਚੇਤਾਵਨੀ ਜਾਰੀ ਕੀਤੀ। ਇਸ ਤੋਂ ਇਕ ਦਿਨ ਪਹਿਲਾਂ ਭੂਚਾਲ ਅਤੇ ਸੁਨਾਮੀ ਤੋਂ ਬਾਅਦ ਦੋ ਪਲਾਂਟਾਂ ਵਿਚ ਵਿਸਫੋਟ ਹੋ ਗਿਆ ਸੀ। ਫੁਕੁਸ਼ਿਮਾ ਊਰਜਾ ਪਲਾਂਟ ਦੇ ਅਪ੍ਰੇਟਰ ਨੇ ਕਿਹਾ ਕਿ ਰਿਐਕਟਰ ਦੀ ਕੂਲਿੰਗ ਪ੍ਰਣਾਲੀ ਵਿਚ ਗੜਬੜੀ ਹੋਣ ਕਾਰਨ ਦਬਾਅ ਲਗਾਤਾਰ ਵਧ ਰਿਹਾ ਸੀ, ਜਿਸ ਕਾਰਨ ਵਿਸਫੋਟ ਹੋਏ ਹਨ।
ਫੁਕੁਸ਼ਿਮਾ ਦੇ ਫੁਤਾਬਾ ਕਸਬੇ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਤੱਟੀ ਇਲਾਕੇ ਵਿਚ ਤਿੰਨ ਕਬੀਲਿਆਂ ਦੇ 90 ਪ੍ਰਤੀਸ਼ਤ ਮਕਾਨ ਸੁਨਾਮੀ ਦੀਆਂ ਲਹਿਰਾਂ ਦੀ ਭੇਟ ਚੜ੍ਹ ਗਏ। ਲਗਭਗ 3,90,000 ਲੋਕ ਬੇਘਰ ਹੋ ਗਏ ਹਨ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ 1,400 ਰਾਹਤ ਕੈਂਪਾਂ ਵਿਚ ਭੇਜੇ ਗਏ ਹਨ ਅਤੇ ਕੁਝ ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ਵਿਚ ਰਹਿ ਰਹੇ ਹਨ।
ਜਾਪਾਨੀ ਪ੍ਰਧਾਨ ਮੰਤਰੀ ਨੇ ਭੂਚਾਲ ਅਤੇ ਸੁਨਾਮੀ ਤੋਂ ਪ੍ਰਭਾਵਤ ਇਲਾਕਿਆਂ ਵਿਚ ਰਾਹਤ ਕਾਰਜਾਂ ਵਿਚ ਲੱਗੇ ਸੈਨਿਕਾਂ ਦੀ ਗਿਣਤੀ ਵਧਾ ਕੇ ਦੁੱਗਣੀ ਕਰ ਦਿੱਤੀ ਹੈ। ਰੱਖਿਆ ਮੰਤਰੀ ਤੋਸ਼ਿਮੀ ਕਿਤਾਜ਼ਵਾ ਨੇ ਕਿਹਾ ਕਿ ਸੜਕਾਂ ਮਲਬੇ ਹੇਠ ਦਬ ਜਾਣ ਕਾਰਨ ਬਚਾਓ ਕਰਮੀਆਂ ਨੂੰ ਪੀੜਤਾਂ ਤੱਕ ਪਹੁੰਚਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪ੍ਰਭਾਵਤ ਇਲਾਕਿਆਂ ਵਿਚ ਟਰੱਕਾਂ ਰਾਹੀਂ ਪੀਣ ਵਾਲਾ ਪਾਣੀ ਪਹੁੰਚਾਇਆ ਜਾ ਰਿਹਾ ਹੈ। ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਸੁਪਰਬਾਜ਼ਾਰਾਂ ਅਤੇ ਪੈਟਰੋਲ ਸਟੇਸ਼ਨਾਂ 'ਤੇ ਲੋਕਾਂ ਦੀ ਭੀੜ ਲੱਗ ਰਹੀ ਹੈ। ਲੋਕ ਖਾਣ ਪੀਣ ਦੀਆਂ ਚੀਜ਼ਾਂ ਅਤੇ ਹੋਰ ਸਮਾਨ ਖਰੀਦ ਰਹੇ ਹਨ।
ਜਾਪਾਨ ਦੇ ਪ੍ਰਮਾਣੂ ਰਿਐਕਟਰਾਂ ਨੂੰ ਹੋਏ ਨੁਕਸਾਨ ਤੋਂ ਬਾਅਦ ਪੂਰੀ ਦੁਨੀਆ ਵਿਚ ਪ੍ਰਮਾਣੂ ਊਰਜਾ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ ਹੈ, ਜਾਪਾਨ ਦੇ ਪ੍ਰਮਾਣੂ ਰਿਐਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਬਹਿਸ ਛਿੜ ਗਈ ਹੈ। ਜਰਮਨੀ ਦੀ ਚਾਂਸਲਰ ਅੰਗੇਲਾ ਮਾਰਕਲ ਨੇ ਕਿਹਾ ਕਿ ਜਾਪਾਨ ਦਾ ਸੰਕਟ ਪੂਰੀ ਦੁਨੀਆ ਲਈ ਇਕ ਗੰਭੀਰ ਮੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਰਮਨੀ ਦੇ ਪ੍ਰਮਾਣੂ ਰਿਐਕਟਰ ਦੀ ਸੁਰੱਖਿਆ ਬਾਰੇ ਸਮੀਖਿਆ ਕੀਤੀ ਜਾਵੇਗੀ। ਅੰਗੇਲਾ ਨੇ ਇਹ ਗੱਲ ਉਸ ਵੇਲੇ ਕਹੀ ਜਦੋਂ ਇਕ ਦਿਨ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਜਰਮਨੀ ਦੇ ਪ੍ਰਮਾਣੂ ਰਿਐਕਟਰਾਂ ਨੂੰ ਹੋਰ ਲੰਬੇ ਸਮੇਂ ਤੱਕ ਚਲਾਉਣ ਦੀ ਸਰਕਾਰ ਦੀ ਯੋਜਨਾ ਦਾ ਵਿਰੋਧ ਕੀਤਾ ਸੀ। ਓਧਰ ਅਮਰੀਕਾ ਵਿਚ ਸੈਨੇਟਰ ਜੋ ਲਿਬਰਮੈਨ ਨੇ ਕਿਹਾ ਕਿ ਅਮਰੀਕਾ ਨੂੰ ਜਾਪਾਨ ਵਿਚ ਵਾਪਰੀਆਂ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਉਦੋਂ ਤੱਕ ਪ੍ਰਮਾਣੂ ਰਿਐਕਟਰਾਂ ਦੇ ਵਿਕਾਸ ਦਾ ਕੰਮ ਰੋਕ ਦੇਣਾ ਚਾਹੀਦਾ ਹੈ ਜਦੋਂ ਤੱਕ ਜਾਪਾਨ 'ਚ ਇਸ ਦੇ ਅਸਰ ਦੇ ਨਤੀਜੇ ਸਾਹਮਣੇ ਨਾ ਆ ਜਾਣ। ਪ੍ਰਮਾਣੂ ਊਰਜਾ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਤਕਨੀਕ ਖਤਰਨਾਕ ਹੈ ਅਤੇ ਇਸ 'ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ।
ਦੋ ਅਮਰੀਕੀ ਪ੍ਰਮਾਣੂ ਵਿਗਿਆਨੀ ਤਾਇਨਾਤ
ਅਮਰੀਕਾ ਦੇ ਪ੍ਰਮਾਣੂ ਕਮਿਸ਼ਨ ਨੇ ਕਿਹਾ ਕਿ ਉਸ ਨੇ ਜਾਪਾਨ ਵਿਚ ਆਪਣੇ ਦੋ ਮਾਹਿਰਾਂ ਨੂੰ ਭੇਜਿਆ ਹੈ। ਕਮਿਸ਼ਨ ਦੇ ਚੇਅਰਮੈਨ ਗ੍ਰੇਗਰੀ ਜਕਜਕੋ ਨੇ ਦੱਸਿਆ ਕਿ ਐਨਆਰਸੀ ਵਿਚ ਕੰਮ ਕਰਨ ਲਈ ਸਾਡੇ ਕੋਲ ਵਿਸ਼ਵ ਦੇ ਸਭ ਤੋਂ ਵਧੀਆ ਮਾਹਿਰ ਹਨ ਅਤੇ ਮਦਦ ਲਈ ਅਸੀਂ ਕੋਈ ਵੀ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਹਾਂ। ਅਮਰੀਕਾ ਦੇ ਵਪਾਰਕ ਪ੍ਰਮਾਣੂ ਊਰਜਾ ਪਲਾਂਟਾਂ ਅਤੇ ਹੋਰ ਪ੍ਰਮਾਣੂ ਉਪਕਰਨਾਂ ਨੂੰ ਕੰਟਰੋਲ ਕਰਨ ਵਾਲੀ ਅਤੇ ਕਾਂਗਰਸ ਤੋਂ ਮਾਨਤਾ ਪ੍ਰਾਪਤ ਇਕ ਸੁਤੰਤਰ ਏਜੰਸੀ ਐਨਆਰਸੀ ਨੇ ਕਿਹਾ ਕਿ ਦੋਵੇਂ ਵਿਗਿਆਨੀ ਉਬਲਦੇ ਪਾਣੀ ਵਾਲੇ ਪ੍ਰਮਾਣੂ ਰਿਐਕਟਰਾਂ ਦੇ ਖੇਤਰ ਵਿਚ ਮਾਹਿਰ ਹਨ ਅਤੇ ਉਹ ਆਫਤ ਤੋਂ ਪ੍ਰਭਾਵਿਤ ਖੇਤਰ ਵਿਚ ਭੇਜੇ ਗਏ ਵੱਡੇ ਅਮਰੀਕੀ ਸਹਾਇਤਾ ਦਲ ਦਾ ਹਿੱਸਾ ਹਨ।
ਕੈਲੇਫੋਰਨੀਆ ਸਰਕਾਰ ਵਲੋਂ ਜਾਪਾਨ ਦੇ ਇਸ ਪ੍ਰਮਾਣੂ ਬਿਜਲੀ ਘਰ 'ਤੇ ਬਹੁਤ ਹੀ ਨੇੜਿਓਂ ਨਜ਼ਰ ਰੱਖ ਰਹੀ ਹੈ ਕਿਉਂਕਿ ਮਾਹਿਰਾਂ ਦਾ ਕਹਿਣਾ ਕਿ ਇਸ ਤੋਂ ਨਿਕਲਣ ਵਾਲੀਆਂ ਰੇਡੀਏਸ਼ਨ ਕਿਰਨਾਂ ਪ੍ਰਸ਼ਾਂਤ ਮਹਾਸਾਗਰ ਨੂੰ ਪਾਰ ਕਰ ਸਕਦੀਆਂ ਹਨ। ਕੈਲੇਫਰੋਨੀਆ ਦੇ ਸਰਕਾਰੀ ਸਿਹਤ ਵਿਭਾਗ ਦੇ ਬੁਲਾਰੇ ਮਾਈਕਲ ਸਿਸਲਿਆ ਨੇ ਦੱਸਿਆ ਕਿ ਹਾਲ ਦੀ ਘੜੀ ਕੈਲੀਫੋਰਨੀਆ ਨੂੰ ਕੋਈ ਖ਼ਤਰਾ ਨਹੀਂ। ਅਸੀਂ ਅਪਣੇ ਸੰਘੀ ਸਹਿਯੋਗੀਆਂ ਨਾਲ ਮਿਲ ਕੇ ਮਾਮਲੇ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ।
ਭਾਰਤ ਭੇਜੇਗਾ ਰਾਹਤ ਸਮੱਗਰੀ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਭੁਚਾਲ ਤੇ ਸੁਨਾਮੀ ਦੀ ਮਾਰ ਹੇਠ ਆਏ ਜਪਾਨ ਨੂੰ ਸਹਾਇਤਾ ਦੀ ਪੇਸ਼ਕਸ ਕਰਦੇ ਹੋਏ ਕਿਹਾ ਕਿ ਸਾਡੇ ਵਸੀਲੇ ਵਰਤਣ ਲਈ ਤੁਹਾਡਾ ਹੁੰਗਾਰਾ ਸਿਰ ਮੱਥੇ 'ਤੇ ਹੈ। ਜਪਾਨ ਦੇ ਪ੍ਰਧਾਨ ਮੰਤਰੀ ਨਾਓਤੋ ਕਾਨ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਭਾਰਤ ਜਪਾਨ ਸਰਕਾਰ ਅਤੇ ਉਥੋਂ ਦੇ ਲੋਕਾਂ ਨਾਲ ਖੜ੍ਹਾ ਹੈ। ਉਨ੍ਹਾਂ ਇਸ ਵਿਨਾਸ਼ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਜ਼ਾਹਿਰ ਕੀਤਾ ਹੈ। ਜਾਪਾਨ ਨੂੰ ਭਾਰਤ ਸਰਕਾਰ ਤੁਰੰਤ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਉਥੇ ਕੰਬਲਾਂ ਨਾਲ ਲੱਦੇ ਪਹਿਲੇ ਜਹਾਜ਼ ਨੂੰ ਭੇਜ ਰਹੀ ਹੈ। ਵਿਦੇਸ਼ ਸਕੱਤਰ ਨਿਰੂਪਮਾ ਰਾਓ ਨੇ ਟਵਿੱਟਰ 'ਤੇ ਕਿਹਾ ਕਿ ਜਾਪਾਨ ਦੇ ਸੇਂਡਈ ਅਤੇ ਹੋਰ ਭੁਚਾਲ ਪ੍ਰਭਾਵਤ ਇਲਾਕਿਆਂ ਦੇ ਨਾਗਰਿਕਾਂ ਲਈ ਭਾਰਤ ਵਧੀਆ ਉੱਨ ਦੇ ਕੰਬਲ ਭੇਜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਦਿੱਲੀ ਵਿਚ ਜਾਪਾਨ ਦੇ ਰਾਜਦੂਤ ਨਾਲ ਚਰਚਾ ਕੀਤੀ ਗਈ ਸੀ ਅਤੇ ਠੰਢ ਤੋਂ ਪ੍ਰਭਾਵਤ ਇਲਾਕਿਆਂ ਲਈ ਇਹ ਬਹੁਤ ਹੀ ਉਪਯੋਗੀ ਅਤੇ ਜ਼ਰੂਰੀ ਚੀਜ਼ ਹੈ।
30 ਭਾਰਤੀਆਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ
ਜਪਾਨ ਦੇ ਸੁਨਾਮੀ ਤੋਂ ਪ੍ਰਭਾਵਤ ਕਸਬੇ ਤਨੀਡਾ ਵਿਚ ਫਸੇ 30 ਭਾਰਤੀਆਂ ਨੂੰ ਸੁਰੱਖਿਅਤ ਇਕ ਹੋਟਲ 'ਚ ਪਹੁੰਚਾਇਆ ਗਿਆ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸੁਨਾਮੀ ਇਲਾਕੇ 'ਚ ਤਨੀਡਾ ਵਿਚ 30 ਭਾਰਤੀ ਇਕ ਮੁੜਵਸੇਬਾ ਕੈਂਪ 'ਚ ਸੁਰੱਖਿਅਤ ਮਿਲੇ ਅਤੇ ਉਨ੍ਹਾਂ ਨੂੰ ਇਕ ਹੋਟਲ 'ਚ ਪਹੁੰਚਾਇਆ ਗਿਆ ਹੈ। ਜਾਪਾਨ ਵਿਚ ਲੱਗਭੱਗ 25000 ਹਜ਼ਾਰ ਭਾਰਤੀ ਹਨ ਜਿਹੜੇ ਮੁਖ ਰੂਪ 'ਚ ਕਾਂਤੋ ਅਤੇ ਕੰਸਾਈ ਖੇਤਰਾਂ 'ਚ ਰਹਿੰਦੇ ਹਨ।
News From: http://www.s7News.com
No comments:
Post a Comment