Monday, November 30, 2009

ਦਸਮ ਗ੍ਰੰਥ ਬਨਾਮ ਬੀਰ ਰਸ

ਅਵਤਾਰ ਸਿੰਘ ਮਿਸ਼ਨਰੀ (510-432-5827)

ਸਾਰੇ ਰਸਾਂ ਦਾ ਸੋਮਾ ਪ੍ਰਮਾਤਮਾ ਹੈ। ਵਿਦਵਾਨਾਂ ਨੇ ਕਾਵਿ ਦੇ ਨੌਂ ਰਸ ਮੰਨੇ ਹਨ-1. ਸ਼ਿੰਗਾਰ ਰਸ 2. ਹਾਸ ਰਸ 3. ਕਰੁਣਾ ਰਸ 4. ਰੌਦਰ ਰਸ 5. ਬੀਰ ਰਸ 6. ਭਿਆਨਕ ਰਸ 7. ਬੀਭਤਸ ਰਸ 8. ਅਦਭੁਤ ਰਸ 9. ਸ਼ਾਂਤ ਰਸ ਆਦਿਕ। ਬੀਰ ਦਾ ਅਰਥ ਹੈ ਬਹਾਦਰ ਸੂਰਮਾਂ ਭਾਵ ਜਿਸ ਕੋਲ ਬਹਾਦਰੀ ਅਤੇ ਸੁਰਮਤਾਈ ਹੈ ਉਹ ਬੀਰ ਰਸ ਵਾਲਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਵਿਖੇ ਵੀ ਇਨ੍ਹਾਂ ਸਾਰੇ ਰਸਾਂ ਦੀ ਵਰਤੋਂ ਕੀਤੀ ਗਈ ਹੈ ਜਿਵੇਂ 1. ਸ਼ਿੰਗਾਰ ਰਸ-ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ॥ ਸੋਲਹ ਕੀਏ ਸਿੰਗਾਰ ਕਿ ਅੰਜਨੁ ਪਾਜਿਆ॥(1361) 2. ਹਾਸ ਰਸ-ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ॥(91) ਇੱਕ ਕਵੀ ਹਾਸ ਰਸ ਬਾਰੇ-ਸੀਸ ਦੁਮਾਲਾ ਧਰੈ ਸੁਰਮਈ ਕੰਧੇ ਮੋਟਾ ਸੋਟਾ ਹੈ। ਮਸਤਾਨੇ ਪਟ ਕਮਰਕੱਸੇ ਯੁਤ ਸਜਯੋ ਵਿਚਿਤ੍ਰ ਕਛੋਟਾ ਹੈ। ਫਤੇ ਸਿੰਘ ਕੋ ਪੇਖ ਸਰੂਪ ਅਸ ਕਲਗੀਧਰ ਬਿਗਸਾਵਤ ਹੈਂ। ਸਿੰਘ ਸਮਾਜ ਕਵੀਗਣ ਹੱਸ ਹੱਸ ਲੋਟ ਪੋਟ ਹੋ ਜਾਵਤ ਹੈਂ। 3. ਕਰੁਣਾ ਰਸ-ਜਿਨਿ ਸਿਰਿ ਸੋਹਨਿ ਪਟੀਆਂ ਮਾਂਗੀ ਪਾਇ ਸੰਧੂਰ॥ ਸੇ ਸਿਰ ਕਾਤੀ ਮੁਨੀਅਨਿ ਗਲ ਵਿਚਿ ਆਵੈ ਧੂੜਿ॥ ਮਹਲਾਂ ਅੰਦਰਿ ਹੋਂਦੀਆਂ ਹੁਣਿ ਬਹਣਿ ਨ ਮਿਲਨਿ ਹਧੂਰਿ॥(417) 4. ਰੌਦਰ ਰਸ-ਜਾ ਤੁਧ ਭਾਵੈ ਤੇਗ਼ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ॥(145) 5. ਬੀਰ ਰਸ-ਰਣੁ ਦੇਖਿ ਸੂਰੇ ਚਿਤ ਉਲਾਸ॥(1180) ਅਤੇ ਗਗਨ ਦਮਾਮਾ ਬਾਜਿਓ ਪਰਿਓ ਨੀਸ਼ਾਨੈ ਘਾਉ॥ ਖੇਤੁ ਜੋ ਮਾਂਡਿਓ ਸੂਰਮਾਂ ਅਬ ਜੂਜਨ ਕਉ ਦਾਉ॥(1105) 6. ਭਿਆਨਕ ਰਸ-ਲਟ ਛੂਟੀ ਵਰਤੈ ਬਿਕਰਾਲ॥(1163) 7. ਬੀਭਤਸ ਰਸ-ਬਿਸਟਾ ਅਸਤ ਰਕਤੁ ਪਰੇਟੇ ਚਾਮ॥(374) 8. ਅਦਭੁਤ ਰਸ-ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ॥(219) 9. ਸ਼ਾਂਤ ਰਸ-ਕਹਾ ਮਨ ਬਿਖਿਆ ਸਿਉਂ ਲਪਟਾਈ॥ ਯਾ ਜਗ ਮੈ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ॥ ਕਾਂਕੋ ਤਨੁ ਧਨੁ ਸੰਪਤਿ ਕਾਂਕੀ ਕਾਂ ਸਿਉਂ ਨੇਹੁ ਲਗਾਹੀ॥ ਜੋ ਦੀਸੈ ਸੋ ਸਗਲ ਬਿਨਾਸੈ ਜਿਉਂ ਬਾਦਰ ਕੀ ਛਾਹੀ॥ ਤਜਿ ਅਭਿਮਾਨੁ ਸ਼ਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ॥ ਜਨ ਨਾਨਕ ਭਗਵੰਤ ਭਜੇ ਬਿਨੁ ਸੁਖ ਸੁਪਨੈ ਵੀ ਨਾਹੀਂ॥(1231)

ਸੋ ਬੀਰ ਰਸ ਦਾ ਬਹਾਦਰੀ ਅਤੇ ਉਤਸ਼ਾਹ ਨਾਲ ਸਬੰਧ ਹੈ।ਜਿਨ੍ਹਾਂ ਸਜਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਅਤੇ ਬੀਰ ਰਸ ਦੀ ਸਮਝ ਨਹੀਂ ਜਾਂ ਸੁਣੇ ਸੁਣਾਏ ਹੀ ਅਖੌਤੀ ਦਸਮ ਗ੍ਰੰਥ ਦਾ ਪੱਖ ਪੂਰਨ ਵਾਸਤੇ ਕਹਿ ਦਿੰਦੇ ਹਨ ਕਿ �ਗੁਰੂ ਗ੍ਰੰਥ� ਨੂੰ ਪੜ੍ਹ ਕੇ ਸ਼ਾਂਤ ਰਸ ਅਤੇ ਦਸਮ ਗ੍ਰੰਥ ਨੂੰ ਪੜ੍ਹ ਕੇ ਬੀਰ ਰਸ ਪੈਦਾ ਹੁੰਦਾ ਹੈ। ਉਹ ਵਿਚਾਰ ਕੇ ਦੇਖਣ ਕਿ ਜਦ ਤੋਂ ਦੁਨੀਆਂ ਹੋਂਦ ਵਿੱਚ ਆਈ ਹੈ ਅਤੇ ਬਹਾਦਰੀ ਭਰੇ ਕਾਰਨਾਮੇ ਅਤੇ ਜੰਗ ਯੁੱਧ ਸ਼ੁਰੂ ਹੋਏ ਹਨ ਬੀਰ ਰਸ ਸੁਭਾਵ ਵੀ ਓਦੋਂ ਦੇ ਹੀ ਪੈਦਾ ਹੋਏ ਹਨ। ਜਦ ਅਸੀਂ ਪੁਰਤਨ ਇਤਿਹਾਸ ਅਤੇ ਮਿਥਿਹਾਸ ਪੜ੍ਹਦੇ ਹਾਂ ਤਾਂ ਕਿਤਨੇ ਹੀ ਬੀਰ ਬਹਾਦਰ ਜੋਧੇ ਮਿਲਦੇ ਹਨ। ਹਿੰਦੂ ਮੁਸਲਿਮ, ਯਹੂਦੀ ਅਤੇ ਈਸਾਈ ਆਦਿਕ ਸਾਰੇ ਧਰਮ ਸਿੱਖ ਧਰਮ ਤੋਂ ਪੁਰਾਣੇ ਹਨ। ਕੀ ਉਨ੍ਹਾਂ ਦੇ ਬਹਾਦਰ ਜੋਧਿਆਂ ਨੂੰ ਅਖੌਤੀ ਦਸਮ ਗ੍ਰੰਥ ਪੜ੍ਹ ਕੇ ਬੀਰ ਰਸ ਮਿਲਿਆ ਸੀ? ਕਦਾ ਚਿੱਤ ਨਹੀਂ ਕਿਉਂਕਿ ਓਦੋਂ ਤਾਂ ਇਹ ਅਖੌਤੀ ਦਸਮ ਗ੍ਰੰਥ ਪੈਦਾ ਵੀ ਨਹੀਂ ਸੀ ਹੋਇਆ। ਬਾਕੀ ਧਰਮਾਂ ਨੂੰ ਛੱਡ ਕੇ ਆਪਾਂ ਕੇਵਲ ਸਿੱਖ ਧਰਮ ਦੀ ਹੀ ਗੱਲ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਵਿਖੇ 15 ਭਗਤਾਂ ਦੀ ਬਾਣੀ ਅੰਕਿਤ ਹੈ ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਵੀ ਬੀਰ ਰਸ ਦੀ ਵਰਤੋਂ ਕੀਤੀ ਹੈ ਜਿਵੇਂ-ਸੂਰਾ ਸੋ ਪਹਿਚਾਨੀਐਂ ਜੋ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ॥(1105-ਕਬੀਰ) ਇਵੇਂ ਹੀ ਗੁਰੂ ਨਾਨਕ ਜੀ ਵੀ ਫੁਰਮਾਂਦੇ ਹਨ ਕਿ-ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰਿ ਤਲੀ ਗਲੀ ਮੇਰੀ ਆਉ॥(1412-ਗੁਰੂ ਨਾਨਕ) ਪਹਿਲਾਂ ਮਰਣੁ ਕਬੂਲ ਜੀਵਨ ਕੀ ਛਡਿ ਆਸਿ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥(1102-ਗੁਰੂ ਅਰਜਨ) ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਸੰਤ ਸ਼ਿਪਾਹੀ ਸਨ। ਜਿਨ੍ਹਾਂ ਨੇ ਪਰਜਾ ਦੇ ਇਨਸਾਫ ਲਈ ਅਕਾਲ ਤਖਤ ਦੀ ਰਚਨਾਂ ਕੀਤੀ ਅਤੇ ਮੀਰੀ ਪੀਰੀ ਭਾਵ ਭਗਤੀ ਅਤੇ ਸ਼ਕਤੀ ਨੂੰ ਧਾਰਨ ਕੀਤਾ। ਯੋਧੇ ਸੂਰਮੇਂ ਆਪਣੀ ਫੌਜ ਵਿੱਚ ਭਰਤੀ ਕੀਤੇ ਅਤੇ ਮੁਗਲੀਆ ਹਕੂਮਤ ਨਾਲ ਚਾਰ ਜੰਗਾਂ ਵੀ ਲੜੀਆਂ। ਗੁਰੂ ਹਰਿ ਰਾਇ ਜੀ ਵੀ 2200 ਘੋੜ ਸਵਾਰ ਰੱਖਦੇ ਸਨ। ਗੁਰੂ ਤੇਗ ਬਹਾਦਰ ਜੀ ਦਾ ਨਾਂ ਵੀ ਕਰਤਾਰਪੁਰ ਦੀ ਜੰਗ ਵਿਖੇ ਤੇਗ ਦੇ ਜੌਹਰ ਦਿਖੌਣ ਤੇ ਹੀ �ਤੇਗ ਬਹਾਦਰ� ਰੱਖਿਆ ਗਿਆ। ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਅੰਮ੍ਰਿਤਪਾਨ ਕਰਾਉਣ ਤੋਂ ਪਹਿਲਾਂ ਭੰਗਾਣੀ ਦਾ ਭਿਆਨਕ ਯੁੱਧ ਲੜਿਆ ਸੀ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਓਦੋਂ ਤੱਕ ਤਾਂ ਅਜੋਕੇ ਅਖੌਤੀ ਦਸਮ ਗ੍ਰੰਥ ਦਾ ਨਾਮੋਂ ਨਿਸ਼ਾਨ ਵੀ ਨਹੀਂ ਸੀ ਫਿਰ ਗੁਰੂਆਂ ਤੋਂ ਪਹਿਲਾਂ ਵੱਖ ਵੱਖ ਧਰਮਾਂ ਦੇ ਯੋਧੇ, ਭਗਤ ਅਤੇ ਗੁਰੂ ਸਾਹਿਬਾਨਾਂ ਨੇ ਕਿਹੜੇ ਦਸਮ ਗ੍ਰੰਥ ਨੂੰ ਪੜ੍ਹ ਕੇ ਬੀਰ ਰਸ ਪ੍ਰਾਪਤ ਕੀਤਾ ਸੀ? ਦਸਮ ਗੁਰੂ ਤੋਂ 50 ਸਾਲ ਬਾਅਦ ਅਜੋਕਾ ਦਸਮ ਗ੍ਰੰਥ ਲਿਖਿਆ ਗਿਆ। ਫਿਰ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ, ਭਾ. ਉਦੈ ਸਿੰਘ, ਜੀਵਨ ਸਿੰਘ, ਪੀਰ ਬੁਧੂ ਸ਼ਾਹ, ਚਾਰੇ ਸਾਹਿਬਜ਼ਾਦੇ, ਮਾਈ ਭਾਗ ਕੌਰ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਨੌਧ ਸਿੰਘ, ਭਾ. ਬਾਜ ਸਿੰਘ, ਬਾਬਾ ਦੀਪ ਸਿੰਘ, ਭਾ. ਮਨੀ ਸਿੰਘ, ਸ੍ਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਸ੍ਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮਿ, ਨਵਾਬ ਕਪੂਰ ਸਿੰਘ, ਬਾਬਾ ਬੋਤਾ ਸਿੰਘ ਅਤੇ ਗਰਜਾ ਸਿੰਘ, ਸਿੱਖਾਂ ਦੇ 65 ਜਥੇ ਫਿਰ 12 ਮਿਸਲਾਂ, ਮਹਾਂਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਬਹਾਦਰ ਜਰਨੈਲ ਹਰੀ ਸਿੰਘ ਨਲੂਆ, ਸ੍ਰ ਸ਼ਾਮ ਸਿੰਘ ਅਟਾਰੀ ਵਾਲਾ, ਫਿਰ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋ. ਗੁਰਮੁਖ ਸਿੰਘ, ਗਿ. ਦਿੱਤ ਸਿੰਘ ਕੀ ਇਨ੍ਹਾਂ ਬੀਰ ਬਹਦਰਾਂ ਨੂੰ ਦਸਮ ਗ੍ਰੰਥ ਪੜ੍ਹ ਕੇ ਬੀਰ ਰਸ ਪ੍ਰਾਪਤ ਹੋਇਆ ਸੀ? ਕੀ ਦਸਮ ਗ੍ਰੰਥ ਦਾ ਪ੍ਰਚਾਰ ਅਤੇ ਸਨਾਤਨ ਧਰਮ ਦੇ ਕਰਮ ਕਾਂਡਾਂ ਨੂੰ ਸਿੱਖ ਧਰਮ ਵਿੱਚ ਘਸੋੜਨ ਵਾਲੇ ਹੰਕਾਰੀ-ਵਿਕਾਰੀ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਅਜ਼ਾਦ ਕਰਾੳੇਣ ਵਾਲੇ ਸਿੰਘਸਭੀਏ ਸਿੱਖ ਦਸਮ ਗ੍ਰੰਥ ਪੜ੍ਹਦੇ ਸਨ? ਅਨੇਕਾਂ ਸਿੰਘ ਸਿੰਘਣੀਆਂ ਜੋ ਧਰਮ ਯੁੱਧਾਂ ਵਿੱਚ ਸ਼ਹੀਦ ਹੋਏ ਕੀ ਉਨ੍ਹਾਂ ਸਭ ਨੂੰ ਅਖੌਤੀ ਦਸਮ ਗ੍ਰੰਥ ਤੋਂ ਬੀਰ ਰਸ ਮਿਲਿਆ ਸੀ? ਕੀ ਅਜੋਕੇ ਦੌਰ ਵਿੱਚ ਜ਼ਾਲਮ ਇੰਦਰਾ ਨੂੰ ਸੋਧਣ ਵਾਲੇ ਸ੍ਰ ਬਿਅੰਤ ਸਿੰਘ, ਸਤਵੰਤ ਸਿੰਘ, ਸ੍ਰ ਕੇਹਰ ਸਿੰਘ ਅਤੇ ਹਰਮੰਦਰ ਸਾਹਿਬ ਵਿਖੇ ਭਾਰਤ ਦੀ ਜ਼ਾਲਮ ਸਰਕਾਰ ਦੀ ਫੌਜ ਨਾਲ ਟੱਕਰ ਲੈਣ ਵਾਲਾ ਜਨਰਲ ਸ਼ੁਬੇਗ ਸਿੰਘ ਦਸਮ ਗ੍ਰੰਥ ਦੇ ਪਾਠੀ ਸਨ?

ਅਜੋਕੇ ਦੌਰ ਵਿੱਚ ਵੀ ਅਨੇਕਾਂ ਫੌਜੀ ਬਹਾਦਰੀ ਨਾਲ ਲੜਦੇ ਹਨ ਅਤੇ ਸ਼ਹੀਦ ਵੀ ਹੁੰਦੇ ਹਨ ਉਨ੍ਹਾਂ ਵਿੱਚੋਂ ਬਹੁਤੇ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਅਤੇ ਨਾਂ ਹੀ ਸਿੱਖ ਹੁੰਦੇ ਹਨ। ਕੀ ਉਨ੍ਹਾਂ ਨੂੰ ਵੀ ਬੀਰ ਰਸ ਅਖੌਤੀ ਦਸਮ ਗ੍ਰੰਥ ਨੂੰ ਮੰਨ ਕੇ ਪੈਦਾ ਕਰਨਾ ਪੈਂਦਾ ਹੈ? ਦੁਨੀਆਂ ਵਿੱਚ ਅਨੇਕਾਂ ਬੀਰ ਰਸੀ ਜਰਨੈਲ ਹੋਏ ਹਨ ਉਨ੍ਹਾਂ ਤਾਂ ਕਿਸੇ ਨੇ ਵੀ ਦਸਮ ਗ੍ਰੰਥ ਨਹੀਂ ਸੀ ਪੜ੍ਹਿਆ ਫਿਰ ਉਹ ਬੀਰ ਰਸ ਦੇ ਧਾਰਨੀ ਕਿਵੇਂ ਬਣੇ? ਅਜੋਕੇ ਨਕਸਲਵਾੜੀਆਂ, ਤਾਮਲਾਂ ਅਤੇ ਤਾਲਿਬਾਨਾਂ ਨੇ ਕਿਹੜਾ ਦਸਮ ਗ੍ਰੰਥ ਪੜ੍ਹ ਕੇ ਬੀਰ ਰਸ ਪ੍ਰਾਪਤ ਕੀਤਾ ਹੈ? ਗੁਰਮੁਖੋ! ਸਦਾ ਯਾਦ ਰੱਖੋ ਸੱਚ ਹੀ ਬੀਰ ਰਸ ਹੈ। ਸਾਰਾ ਗੁਰੂ ਗ੍ਰੰਥ ਸਾਹਿਬ ਸਚਾਈ ਨਾਲ ਭਰਿਆ ਪਿਆ ਹੈ। ਸਾਰੇ ਰਸਾਂ ਦੀ ਜਾਣਕਾਰੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਿਲ ਜਾਂਦੀ ਹੈ। ਬਲਵਾਨ ਆਤਮਾਂ ਹੀ ਬੀਰ ਰਸੀ ਹੋ ਸਕਦੀ ਹੈ ਅਤੇ ਸਿੱਖ ਦੀ ਆਤਮਾਂ ਬਲਵਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ, ਸੁਣ, ਵਿਚਾਰ ਅਤੇ ਧਾਰ ਕੇ ਹੁੰਦੀ ਹੈ। ਗੁਰੂ ਸਾਹਿਬ ਸਾਨੂੰ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕਿ-ਸਭ ਕਿਛੁ ਘਰਿ ਮਹਿ ਬਾਹਰ ਨਾਹੀਂ॥ ਬਾਹਰਿ ਟੋਲੇ ਸੋ ਭਰਮ ਭੁਲਾਹੀ॥(102) ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਬਲਕਿ ਪੂਰੀ ਲੋਕਾਈ ਦਾ ਸਰਬਸਾਂਝਾ ਪੂਰਨ ਗੁਰੂ ਹੈ ਫਿਰ ਅਸੀਂ ਐਸੇ ਮਹਾਂਨ ਗੁਰੂ ਗ੍ਰੰਥ ਨੂੰ ਛੱਡ ਕੇ ਹੋਰ ਗ੍ਰੰਥਾਂ ਦੇ ਪਿਛੇ ਕਿਉਂ ਲੱਗੀਏ? ਇਹ ਤਾਂ ਇਊਂ ਹੈ ਜਿਵੇਂ ਸਾਡੇ ਘਰ ਆਟਾ ਹੈ ਫਿਰ ਵੀ ਅਸੀਂ ਗੁਆਂਢੀ ਦੇ ਘਰੋਂ ਮੰਗਦੇ ਹਾਂ। ਦੇਖੋ! ਗੁਰੂ ਗ੍ਰੰਥ ਸਾਹਿਬ ਜੀ ਇਸ ਬਾਰੇ ਕੀ ਫੁਰਮਾਂਦੇ ਹਨ-ਜੇ ਘਰਿ ਹੋਂਦੈ ਮੰਗਣਿ ਜਾਈਐ ਫਿਰਿ ਓਲ੍ਹਾਮਾਂ ਮਿਲੈ ਤਹੀਂ॥(903) ਜੇ ਸਿੱਖ ਗੁਰੂ ਗ੍ਰੰਥ ਨੂੰ ਛੱਡ ਕੇ ਹੋਰ ਗ੍ਰੰਥਾਂ ਦੇ ਮਗਰ ਜਾਵੇਗਾ ਤਾਂ ਉਸ ਨੂੰ ਗੁਰੂ ਅਤੇ ਲੋਕ ਵੀ ਓਲ੍ਹਾਮੇ ਹੀ ਦੇਣਗੇ। ਸੋ ਸਿੱਖ ਦਾ 100% ਵਿਸ਼ਵਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਹੋਣਾ ਚਾਹੀਦਾ ਹੈ ਨਾਂ ਕਿ ਕਿਸੇ ਅਖੌਤੀ ਦਸਮ ਗ੍ਰੰਥ ਉੱਤੇ ਹਾਂ ਕੰਮਪੈਰੇਟਿਵ ਸਟੱਡੀ ਲਈ ਅਸੀਂ ਦੁਨੀਆਂ ਦਾ ਕੋਈ ਵੀ ਗ੍ਰੰਥ ਪੜ੍ਹ ਸਕਦੇ ਹਾਂ। ਪੜ੍ਹਨ ਤੇ ਹੀ ਪਤਾ ਚਲਦਾ ਹੈ ਕਿ ਉਸ ਵਿੱਚ ਕੀ ਲਿਖਿਆ ਹੈ? ਅੱਜ ਸਾਡਾ ਦੁਖਾਂਤ ਹੀ ਇਹ ਹੈ ਕਿ ਅਸੀਂ ਸੁਣੀਆਂ ਸੁਣਾਈਆਂ ਗੱਲਾਂ ਹੀ ਕਰੀ ਜਾਂਦੇ ਹਾਂ ਆਪ ਪੜ੍ਹਦੇ-ਵਿਚਾਰਦੇ ਅਤੇ ਧਾਰਦੇ ਨਹੀ। ਆਓ! ਆਪਾਂ ਗੁਰੂ ਗ੍ਰੰਥ ਦੀ ਬਾਣੀ ਆਪ ਪੜ੍ਹੀਏ, ਵੀਚਾਰੀਏ, ਧਾਰੀਏ ਅਤੇ ਸਿੱਖ ਇਤਿਹਾਸ ਤੇ ਫਿਲੌਸਫੀ ਤੋਂ ਜਾਣੂੰ ਹੋਈਏ ਫਿਰ ਪਤਾ ਲਗੂ ਬੀਰ ਰਸ ਕਿੱਥੋਂ ਮਿਲਦਾ ਹੈ? ਦਸਮ ਗ੍ਰੰਥ ਤਾਂ ਮੋਸਟਲੀ ਕਾਮਰਸ ਅਤੇ ਨਸ਼ਾਰਸ ਨਾਲ ਭਰਿਆ ਪਿਆ ਹੈ ਐਸੇ ਗ੍ਰੰਥ ਤੋਂ ਬੀਰ ਰਸ ਦੀ ਆਸ ਰੱਖਣੀ ਵਿਅਰਥ ਹੈ। ਗੁਰੂ ਭਲੀ ਕਰੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਯਥਾਰਥ ਗਿਆਨ ਪ੍ਰਾਪਤ ਕਰੀਏ।


http://www.SikhPress.com

No comments:

 
eXTReMe Tracker