Friday, March 6, 2009

ਵਿਨਾਸ਼ ਦੀਆਂ ਪ੍ਰਤੀਕ ਤਿੱਤਲੀਆਂ

ਜਿਸ ਬਾਗ ਵਿਚ ਵੱਧ ਤਿੱਤਲੀਆਂ ਹੋਣ, ਜਿੰਨ੍ਹਾਂ ਫੁੱਲਾਂ ਤੇ ਵੱਧ ਤਿੱਤਲੀਆਂ ਬੈਠਣ, ਜਿੰਨ੍ਹਾਂ ਖੇਤਾਂ ਵਿਚ ਰੰਗ ਬਿਰੰਗੀਆਂ ਤਿੱਤਲੀਆਂ ਉਡਾਰੀਆਂ ਲਾਉਣ, ਸਮਝੋ, ਉਸ ਬਾਗ ਦਾ, ਉਸ ਖੇਤ ਦਾ ਉਜਾੜਾ ਯਕੀਨੀ ਹੈ। ਅਸਲ ਵਿਚ ਤਿੱਤਲੀ ਬਨਣ ਤੋਂ ਪਹਿਲਾਂ ਤਿੰਨ ਰੂਪਾਂ ਵਿੱਚੋਂ ਨਿਕਲਦੀ ਹੈ। ਉਸਦਾ ਦੂਸਰਾ ਰੂਪ ਬਹੁਤ ਭਿਆਨਕ ਹੈ। ਉਦੋਂ ਉਹ ਲਾਰਵਾ (ਸੁੰਡੀ) ਹੁੰਦੀ ਤੇ ਸਭ ਪੱਤੇ ਚਟਮ ਕਰਨੇ ਉਸਦਾ ਅਧਿਕਾਰ ਬਣ ਜਾਂਦਾ ਹੈ। ਜਦੋਂ ਉਹ ਖਾ ਖਾ ਕਿ ਰਜ ਜਾਂਦੀ ਹੈ ਤਾਂ ਆਪਣੇ ਅਗਲੇ ਰੂਪ \'ਚੋਂ ਨਿਕਲ ਕੇ ਸੁੰਦਰ ਤਿੱਤਲੀ ਬਣ ਜਾਂਦੀ ਹੈ। ਫੇਰ ਫੁੱਲਾਂ ਦਾ ਰਸ ਚੂਸਦੀ ਹੈ ਤੇ ਅੰਡੇ ਦੇਂਦੀ ਹੈ ਤਾਂ ਕਿ ਅਗਲੀ ਫਸਲ ਤਬਾਹ ਹੋ ਜਾਵੇ। ਤਿੱਤਲੀ ਵੇਖ ਕਿ ਮੈਨੂੰ ਕਈ ਵਾਰੀ ਪਤਵੰਤੇ ਸੱਜਣ ਯਾਦ ਆ ਜਾਂਦੇ ਹਨ। ਸੋਹਣੇ ਚਿਹਰੇ, ਮਿੱਠੀਆਂ ਗੱਲਾਂ, ਥੋੜਾ ਖਾਣਾ, ਮਹਿਕ ਖਿਲਾਰਨੀ ਉਨ੍ਹਾਂ ਦੇ ਦਿੱਖਦੇ ਰੂਪ ਹਨ, ਪਰ ਉਨ੍ਹਾਂ ਦਾ ਅਦਿੱਖ ਰੂਪ ਉਸ ਤਿੱਤਲੀ ਦੇ ਲਾਰਵੇ ਵਾਲਾ ਹੁੰਦਾ ਹੈ, ਜੋ ਹਰੇ ਕਚੂਰ ਪੱਤਿਆਂ ਨੂੰ ਹਰੇ ਰੰਗ ਦੀ ਕਰੂਪ ਸੁੰਡੀ ਬਣ ਕੇ ਖਤਮ ਕਰ ਦੇਂਦੀ ਹੈ। ਇਸੇ ਲਈ ਤਾਂ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਹਰ ਸੁੰਦਰ ਚੀਜ਼ ਦੇ ਪਹਿਲੇ ਜਾਂ ਪਿਛਲੇ ਰੂਪ ਨੂੰ ਵੀ ਜਰੂਰ ਜਾਣੋ, ਸਮਾਜ ਦੇ ਬਾਗ ਨੂੰ ਉੱਜੜਣੋਂ ਬਚਾਉਣਾ ਹੈ ਤਾਂ ਇਹਨਾਂ ਰੰਗ ਬਿਰੰਗੀਆਂ ਬੀਬੇ ਮੂੰਹਾਂ ਵਾਲੀਆਂ ਤਿੱਤਲੀਆਂ ਵਲੋਂ ਪੱਤਿਆਂ ਥੱਲੇ ਲੁਕੋ ਕਿ ਦਿੱਤੇ ਅੰਡਿਆਂ ਨੂੰ ਤਬਾਹ ਕਰੋ। ਇੰਨ੍ਹਾਂ ਦੇ ਮਾਇਆ ਜਾਲ ਨੂੰ ਸਮਝੋ।
http://www.SikhPress.com

No comments:

 
eXTReMe Tracker