Monday, March 16, 2009

ਚਾਰ ਅਮਰੀਕਨ ਇਕ ਟੈਕਸੀ ਵਿਚ....

(ਅਮਰੀਕਾ ਵਿਚ ਆਮ ਤੌਰ ਤੇ ਇਕ ਟੈਕਸੀ ਵਿਚ ਇਕ ਸਵਾਰੀ ਹੀ ਬੈਠੀ ਦਿਸਦੀ ਹੈ। ਜ਼ਿਆਦਾ ਬੈਠੇ ਹੋਣ ਤਾਂ ਲੋਕੀਂ ਸ਼ੱਕ ਕਰਨ ਲੱਗ ਪੈਂਦੇ ਹਨ। ਪੰਜਾਬ ਵਿਚ ਨਿੱਕੇ ਜਿਹੇ ਰਿਕਸ਼ੇ ਤੇ ਵੀ ਦੋ-ਤਿੰਨ ਬੰਦੇ ਫੱਸ ਜਾਂਦੇ ਹਨ ਅਤੇ ਇਕ ਅੱਧਾ ਪਿੱਛੇ ਵੀ ਲਟਕਿਆ ਹੁੰਦਾ ਹੈ। ਇਕੱਲਾ ਕਦੇ ਬਹਿ ਵੀ ਜਾਏ ਤਾਂ ਵਿਚਾਰਾ ਤਿਲਕਦਾ ਹੀ ਰਹਿੰਦਾ ਹੈ। ਪੰਜਾਬ ਦੇ ਮੁਕਾਬਲੇ ਤੇ ਅਮਰੀਕੀ ਤੌਰ-ਤਰੀਕਿਆਂ ਤੇ ਨਜ਼ਰ ਰੱਖ ਕੇ ਇਹ ਹਾਸ-ਰਸ ਦੀ ਕਵਿਤਾ ਲਿਖੀ ਗਈ ਹੈ)



ਚਾਰ ਅਮਰੀਕਨ ਇਕ ਟੈਕਸੀ ਵਿਚ, ਬੈਠੇ ਹੋਣ ਜੇ ਕੱਠੇ,

ਤਾਂ ਸਮਝ ਲਵੋ ਕਿ ਹੁਣੇ ਹੁਣੇ, ਕੋਈ ਬੈਂਕ ਲੁੱਟ ਕੇ ਨੱਠੇ।



ਪੰਜ-ਸੱਤ ਮੀਲ ਜੋ ਰੋਜ਼ ਕੁੱਤੇ ਨਾਲ, ਕਰਦਾ ਹੋਵੇ ਸੈਰ,

ਸਮਝੋ ਉਸ ਅਮਰੀਕਨ ਦਾ ਹੈ, ਘਰਵਾਲੀ ਨਾਲ ਵੈਰ।



ਇਸ਼ਕ-ਪਿਆਰ ਦੇ ਖੇਤਰ ਵਿਚ, ਜੋ ਦਿੱਸੇ ਉੱਚਾ ਚੜ੍ਹਿਆ,

ਸਮਝੋ ਉਹ ਅਮਰੀਕਨ ਬੰਦਾ, ਘੱਟ ਹੈ ਲਿਖਿਆ ਪੜ੍ਹਿਆ।



ਘਾਇਲ ਹੋਵੇ ਕੋਈ ਅਮਰੀਕਨ, ਮੂੰਹ-ਮੱਥਾ ਹੋਵੇ ਸੁੱਜਿਆ,

ਸਮਝੋ ਦੂਜੀ ਵਾਈਫ਼ ਦੇ ਪਹਿਲੇ ਘਰਵਾਲੇ ਨੇ ਕੁੱਟਿਆ।



ਛਿੱਲਿਆ ਹੋਵੇ ਜੋ ਅਮਰੀਕਨ, ਗੋਡਿਆਂ ਤੇ ਗਿੱਟਿਆਂ ਤੋਂ,

ਸਮਝੋ ਵੱਜੇ ਠੁੱਡੇ ਉਸ ਨੂੰ, ਆਪਣੇ ਹੀ ਬੱਚਿਆਂ ਤੋਂ।



ਲੌਲੀ-ਪਾਪ ਚੂਸਦਾ ਦਿੱਸੇ, ਜੇ ਕੋਈ ਹੱਟਾ-ਕੱਟਾ,

ਸਮਝੋ ਵਿਚੋਂ ਨਾਜ਼ੁਕ-ਦਿਲ ਹੈ, ਉਹ ਅਮਰੀਕਨ ਪੱਠਾ।



ਕਾਲੇ ਵਾਲਾਂ ਨੂੰ ਜਿਹੜੀ ਗੋਰੀ, ਨਿੱਤ ਸੁਨਹਿਰੀ ਕਰਦੀ,

ਸਮਝੋ ਉਹ ਨਾ ਕਿਸੇ ਦੀ ਸੁਣਦੀ, ਕਰਦੀ ਹੈ ਮਨ-ਮਰਜੀ।



ਜਿਸ ਅਮਰੀਕਨ ਦਾ ਚਿਹਰਾ ਹੋਏ, ਵਾਂਗ ਟਮਾਟਰ ਲਾਲ,

ਸਮਝੋ ਬੜਾ ਬੇਸ਼ਰਮ ਹੈ ਉਹ, ਹਰ ਗੱਲ ਤੇ ਕੱਢਦਾ ਗਾਲ੍ਹ।



ਜਿਸ ਅਮਰੀਕਨ ਦੇ ਕਪੜਿਆਂ ਤੇ, ਲਾਲ ਰੰਗ ਹੋਏ ਲੱਗਿਆ,

ਪਾਨ ਨਹੀਂ ਖਾਂਦਾ ਉਹ, ਸਮਝੋ ਮਰਡਰ ਕਰਕੇ ਭੱਜਿਆ।



ਜੋ ਅਮਰੀਕਨ ਫੜ੍ਹਾਂ ਮਾਰੇ ਨਿੱਤ, ਰੱਖੇ ਆਕੜ ਫੂੰ,

ਸਮਝੋ ਆਪਣੀ ਬੀਵੀ ਅੱਗੇ, ਕਰ ਸਕਦਾ ਨਹੀਂ ਚੂੰ।



ਜੇ ਆਫਰਿਆ ਅਮਰੀਕਨ ਆਖੇ, ਮੈਂ ਤਾਂ ਪੂਛ ਤੋਂ ਫੜਿਆ ਸ਼ੇਰ,

ਸ਼ੇਰ ਨਹੀਂ ਬਿੱਲੀ ਹੈ ਸਮਝੋ, ਉਹ ਐਨਾ ਨਹੀਂ ਦਲੇਰ।



ਦੋ ਬੱਚੇ ਅਮਰੀਕੀ ਘਰ ਵਿਚ, ਕੁੱਤੇ-ਬਿੱਲੀਆਂ ਜ਼ਿਆਦਾ,

ਤਾਂ ਕੁੱਤੇ-ਬਿੱਲੀਆਂ ਲਈ ਹੀ ਸਮਝੋ, ਬੱਚੇ ਕੀਤੇ ਪੈਦਾ।



ਜਿਸ ਅਮਰੀਕਨ ਦਾ ਦਿਲ ਹੋਵੇ, ਬਹੁਤ ਜ਼ਿਆਦਾ ਖੁਲ੍ਹਾ,

ਜਣੇ-ਖਣੇ ਤੇ ਗਿਰਿਆ ਸਮਝੋ, ਉਹ ਉਚਾਵਾਂ ਚੁਲ੍ਹਾ।



ਡਾਈਟਿੰਗ ਤੇ ਹੋਵੇ ਅਮਰੀਕਨ, ਖਾਵੇ ਵਾਂਗੂੰ ਚਿੜੀਆਂ,

ਸਮਝੋ ਅੰਦਰ ਲੁਕ ਲੁਕ ਕੇ, ਉਹ ਛਕਦਾ ਚੀਜ਼ਾਂ ਬੜੀਆਂ।



ਇਸ ਦੇ ਉਲਟ ਹੋਰ ਅਮਰੀਕਨ, ਜੋ ਝੋਟੇ ਵਾਂਗੂੰ ਖਾਵੇ,

ਬਾਥਰੂਮ ਵਿਚ ਬੈਠਾ ਸਮਝੋ, ਅੱਧੀ ਉਮਰ ਬਿਤਾਵੇ।



ਅਧੀਆ ਪੀਕੇ ਆਈ ਗਵਾਂਢਣ, ਵੇਖੋ ਕਿਆ ਅਮਰੀਕੀ ਲਾਈਫ਼,

ਅੱਗ ਲੈਣ ਆਈ ਸੀ ਸਮਝੋ, ਬਣ ਬੈਠੀ ਹੈ ਵਾਈਫ਼।



ਵੱਡਾ ਬਿਜ਼ਨੈਸ-ਮੈਨ ਅਮਰੀਕਨ, ਜੋ ਕਰੇ ਡਾਲਰ ਦੀ ਪੂਜਾ,

ਸਭ ਦੀਆਂ ਜੇਬਾਂ ਕੱਟੇ ਸਮਝੋ, ਹੋਰ ਕੰਮ ਨਹੀਂ ਦੂਜਾ।



ਲੱਗੇ ਜੇ ਅਮਰੀਕਨ ਕੋਈ, ਗੱਲ ਬਾਤ ਵਿਚ ਕੱਬਾ,

ਸਮਝੋ ਵੇਚੇ ਘਟੀਆ ਚੀਜ਼ਾਂ, ਉਹ ਕਾਲਾ ਜਾਂ ਬੱਗਾ।



ਟੈਲੀ-ਮਾਰਕੀਟਰ ਅਮਰੀਕਨ, ਬੋਲੇ ਬਹੁਤ ਹੀ ਮਿੱਠਾ,

ਅੱਖ ਮਿਲਾਂਦੇ ਸਾਰ ਹੀ ਸਮਝੋ, ਫੜ ਲੈਂਦਾ ਹੈ ਗਿੱਟਾ।



ਕਿਆ ਅਮਰੀਕਨ ਸੇਲਜ਼-ਮੈਨ ਹਨ, ਨਸਲ ਇਨ੍ਹਾਂ ਦੀ ਵੱਖਰੀ,

ਇਹ ਤਾਂ ਸਮਝੋ ਵੇਚ ਦੇਂਦੇ ਹਨ, ਮਗਰਮੱਛ ਨੂੰ ਛਤਰੀ।



***** ***** *****

ਰੋਜ਼ ਵੇਖ ਕੇ ਚੋਜ ਇਨ੍ਹਾਂ ਦੇ, ਰੋਜ਼ ਵੇਖ ਕਰਤੂਤਾਂ,

ਬਣ ਬੈਠੇ ਹਾਂ ਹੌਲੀ ਹੌਲੀ, ਸਭ ਅਮਰੀਕਨ ਆਪਾਂ।



ਵੈਸੇ ਉਪਰੋਂ ਹੀ ਵੱਖਰੇ ਹਨ, ਇਸ ਦੁਨੀਆਂ ਦੇ ਬੰਦੇ,

ਵਿਚੋਂ ਤਾਂ ਸਭ ਇਕੋ-ਮਿਕ ਹਨ, ਇਕੋ ਦੇ ਰੰਗ ਰੰਗੇ।


http://www.SikhPress.com

No comments:

 
eXTReMe Tracker