Friday, March 6, 2009

ਕਾਵਾਂ ਰੌਲੀ ਦਾ ਯੁੱਗ

ਸਤਿਯੁੱਗ ਤੇ ਕਲਯੁੱਗ ਆਪਸ ਵਿਚ ਇਕਦਮ ਸਮਾਂ ਨਹੀਂ ਬਦਲ ਲੈਂਦੇ। ਇਹਨਾਂ ਦੇ ਵਿਚ ਵਿਚਾਲੇ ਕਈ ਹੋਰ ਯੁੱਗ ਵੀ ਜਨਮ ਲੈਂਦੇ ਰਹਿੰਦੇ ਹਨ। ਸਿਆਣੇ ਤਾਂ ਇਹ ਵੀ ਕਹਿੰਦੇ ਹਨ ਕਿ ਹਰ ਯੁੱਗ ਹਰ ਸਮੇਂ ਹੀ ਚਲਦਾ ਰਹਿੰਦਾ ਹੈ। ਇਹ ਇਸ ਤੇ ਨਿਰਭਰ ਕਰਦਾ ਹੈ ਕਿ ਸਾਡੀ ਮਾਨਸਿਕ ਤੇ ਸਮਾਜਿਕ ਸਥਿਤੀ ਕੀ ਹੈ। ਜੇਕਰ ਸਾਡੇ ਚੇਤਨ ਮਨ ਦੀ ਅਵਸਥਾ ਸੱਚ ਦੇ ਨੇੜੇ ਹੈ ਤਾਂ ਸਾਨੂੰ ਆਪਣੇ ਆਲੇ ਦੁਆਲੇ ਕਲਯੁੱਗ ਪਸਰਿਆ ਹੋਇਆ ਮਿਲੇਗਾ ਤੇ ਜੇਕਰ ਅਸੀਂ ਸੁੱਤੇ ਮਨ ਦੀ ਅਵਸਥਾ ਵਿਚ ਹਾਂ ਤਾਂ ਸਾਨੂੰ ਚਾਰੇ ਪਾਸੇ ਸਤਿਯੁੱਗ ਹੀ ਨਜ਼ਰ ਆਵੇਗਾ। ਪਰ ਜੋ ਲੋਕ ਨਾ ਸੁੱਤੇ ਹਨ ਨਾ ਚੇਤਨ ਹਨ ਉਨ੍ਹਾਂ ਦੀ ਇੱਕ ਅਜੀਬ ਸਥਿਤੀ ਹੈ। ਉਨ੍ਹਾਂ ਨੂੰ ਹਰ ਪਾਸੇ ਕਾਂਵਾਂ ਰੌਲੀ ਦਾ ਯੁੱਗ ਹੀ ਨਜ਼ਰ ਆਵੇਗਾ। ਕੋਈ ਲੋੜ ਤੋਂ ਵੱਧ ਰੋਟੀਆਂ ਕੱਠੀਆਂ ਕਰੀ ਜਾਂਦਾ ਹੈ। ਕੋਈ ਲੋੜ ਤੋਂ ਵੱਧ ਸ਼ੋਹਰਤ ਮੰਗੀ ਜਾਂਦਾ ਹੈ। ਕੋਈ ਲੋੜ ਤੋਂ ਵੱਧ ਥੋੜਾ ਕੀਤੇ ਦਾ ਬਹੁਤ ਸ਼ੋਰ ਪਾ ਰਿਹਾ ਹੈ। ਕੋਈ ਬਸ ਰੋਈ ਹੀ ਜਾ ਰਿਹਾ ਹੈ ਪਰ ਹੱਥ ਹਿਲਾ ਕੇ ਰਾਜ਼ੀ ਹੀ ਨਹੀਂ। ਕੋਈ ਕਿਸੇ ਨੂੰ ਨਿੰਦੀ ਹੀ ਜਾ ਰਿਹਾ ਹੈ ਤੇ ਕੋਈ ਧੜਾ ਧੜਾ ਕੂੜੇ ਕਰਕਟ ਦਾ ਹੀ ਸਨਮਾਨ ਕਰੀ ਜਾ ਰਿਹਾ ਹੈ। ਅਸਲ ਵਿਚ ਇਹ ਪਹਿਲੇ ਪਾਣੀ ਹੋਈ ਕਣਕ ਵਿਚ ਬੈਠੇ ਕਾਵਾਂ ਵਾਂਗ ਹਨ। ਨਾ ਦਾਣੇ ਖਾਣ ਨੂੰ ਹਨ ਤੇ ਨਾ ਧਰਤੀ \'ਚੋਂ ਕੀੜੇ ਲੱਭਦੇ ਹਨ। ਹਰੀ ਕਣਕ ਦਾ ਝਾਉਲਾ ਕੱਠੇ ਤਾਂ ਕਰ ਦੇਂਦਾ ਹੈ ਪਰ ਦੇਂਦਾ ਕੁਝ ਨਹੀਂ ਤੇ ਜਦੋਂ ਇਹੋ ਜਿਹੀ ਸਥਿਤੀ ਹੋ ਜਾਵੇ ਫੇਰ ਭਾਈ ਕਾਵਾਂ ਰੌਲੀ ਦਾ ਹੀ ਯੁੱਗ ਆਖਿਆ ਜਾ ਸਕਦਾ ਹੈ। ਸਤਿਯੁੱਗ ਤੇ ਕਲਯੁੱਗ ਕਿਧਰੇ ਨਜ਼ਰ ਨਹੀਂ ਆਉਂਦੇ।
http://www.SikhPress.com

No comments:

 
eXTReMe Tracker